facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਐਤਵਾਰ, 19 ਮਈ, 2013
 
ਹਮਦਰਦ ਦਾ ਬੇਮਿਸਾਲ ਸਫਰ EnglishGallery |

ਕੈਨੇਡਾ ’ਚ ਭਾਵੇਂ ਪਹਿਲਾ ਹੱਥ ਲਿਖਤ ਪੰਜਾਬੀ ਅਖਬਾਰ ’ਸਵਦੇਸ਼ ਸੇਵਕ ’ ਬਾਬੂ ਹਰਨਾਮ ਸਿੰਘ ਕਾਹਰੀ ਸਾਰੀ ਤੇ ਸ੍ਰੀ ਗੁਰਦਿੱਤਾ ਕੁਮਾਰ ਨੇ 10 ਜਨਵਰੀ 1910 ਨੂੰ ਛਾਪਣਾ ਸ਼ੁਰੂ ਕੀਤਾ ਸੀ ਤੇ 1912 ’ਚ ’ਸੰਸਾਰ ’ ਨਾਂ ਦਾ ਪੰਜਾਬੀ ਅਖਬਾਰ ਕਰਤਾਰ ਸਿੰਘ ਹੁੰਦਲ ਨੇ ਛਾਪਿਆ ਸੀ ਤੇ ਅਮਰੀਕਾ ਦੇ ਸੈਨਫਰਾਂਸਿਸਕੋ ਸ਼ਹਿਰ ਤੋਂ 1913 ’ਚ ਉਰਦੂ ਅਤੇ ਪੰਜਾਬੀ ’ਚ ’ਗਦਰ ’ ਅਖਬਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛਾਪਣਾ ਸ਼ੁਰੂ ਕੀਤਾ ਸੀ। ਕੈਨੇਡਾ-ਅਮਰੀਕਾ ਵਿਚ ਪੰਜਾਬੀ ਪੱਤਰਕਾਰੀ ਆਪਣੇ 100 ਸਾਲ ਪੂਰੇ ਕਰ ਚੁੱਕੀ ਹੈ ਅਤੇ ਹੁਣ 21ਵੀਂ ਸਦੀ ਵਿਚ ਪੰਜਾਬੀ ਪੱਤਰਕਾਰੀ ਸਿਖਰਾਂ ਤੇ ਪੁੱਜ ਚੁੱਕੀ ਹੈ।

ਵਿਸਾਖੀ ਵਾਲੇ ਦਿਨ 13 ਅਪ੍ਰੈਲ 1991 ਵਿਚ ਪੰਜਾਬੀ ਅਖਬਾਰ ’ਹਮਦਰਦ ਵੀਕਲੀ ’ ਜਦੋਂ ਛਪਣਾ ਸ਼ੁਰੂ ਹੋਇਆ ਤਾਂ ਉਸ ਸਮੇਂ ਉਤਰੀ ਅਮਰੀਕਾ ਵਿਚ ਦੋ-ਤਿੰਨ ਅਖਬਾਰ ਹੀ ਪੰਜਾਬੀ ਵਿਚ ਛਪਦੇ ਸਨ। ’ਹਮਦਰਦ ’ ਦਾ ਪਹਿਲਾ ਨਾਂ ’ਕੈਨੇਡਾ ਅਜੀਤ ’ ਰੱਖਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਸਦਾ ਨਵਾਂ ਨਾਂ ਰੋਜ਼ਾਨਾ ’ਅਜੀਤ ’ ਜਲੰਧਰ ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਦੇ ਸੁਝਾਅ ਤੇ ’ਹਮਦਰਦ ’ ਰੱਖਿਆ ਗਿਆ। ਪਹਿਲਾਂ ਇਹ ਭੁੱਲਰ ਕਮਿਊਨੀਕੇਸ਼ਨ ਦੇ ਅਮਰ ਸਿੰਘ ਭੁੱਲਰ ਅਤੇ ਕਰਮਜੀਤ ਕੌਰ ਭੁੱਲਰ ਵੱਲੋਂ ਟਰਾਂਟੋ ਤੋਂ ਛਾਪ ਕੇ ਕੈਨੇਡਾ ਅਮਰੀਕਾ ਦੇ ਲਗਭਗ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਭੇਜਿਆ ਜਾਂਦਾ ਸੀ। ਜਦੋਂ ’ਹਮਦਰਦ ’ ਛਪਣਾ ਸ਼ੁਰੂ ਹੋਇਆ ਤਾਂ ਉਸ ਸਮੇਂ ਨਾ ਹੀ ਫੈਕਸ ਦੀ ਬਹੁਤੀ ਵਰਤੋਂ ਕੀਤੀ ਜਾਂਦੀ ਸੀ ਅਤੇ ਇੰਟਰਨੈਟ ਵਗੈਰਾ ਤਾਂ ਬਿਲਕੁੱਲ ਨਹੀਂ ਸੀ। 1995 ਵਿਚ ’ਹਮਦਰਦ ’ ਦੀ ਮੈਨੇਜਮੈਂਟ ਲਈ ਇਕ ਕੰਪਨੀ 1136811 ਉਨਟਾਰੀਓ ਇੰਕ. ਬਣਾਈ ਗਈ। ਸਭ ਤੋਂ ਪਹਿਲਾਂ ’ਹਮਦਰਦ ’ ਦੀ ਕੀਮਤ 25 ਸੈਂਟ ਰੱਖੀ ਗਈ, ਫਿਰ 50 ਸੈਂਟ, ਫਿਰ 75 ਸੈਂਟ ਤੇ ਇੱਕ ਡਾਲਰ ਤੋਂ ਬਾਅਦ ਸਵਾ ਡਾਲਰ ’ਚ ’ਹਮਦਰਦ ’ ਕੈਨੇਡਾ-ਅਮਰੀਕਾ ਵਿਚ ਲਗਭਗ 10 ਸਾਲ ਤੱਕ ਪਾਠਕ ਖ੍ਰੀਦ ਕੇ ਪੜ੍ਹਦੇ ਰਹੇ।

’ਹਮਦਰਦ ’ ਦੀ ਮੈਨੇਜਮੈਂਟ ਵੱਲੋਂ 1997 ਵਿਚ ’ਕੌਮਾਂਤਰੀ ਪ੍ਰਦੇਸੀ ’ ਨਾਂ ਦਾ ਮੈਗਜ਼ੀਨ ਕੈਨੇਡਾ ਅਤੇ ਚੰਡੀਗੜ੍ਹ ਤੋਂ ਛਾਪਣਾ ਸ਼ੁਰੂ ਕੀਤਾ ਜੋ ਅੱਜ ਵੀ ਦੁਨੀਆ ਦੇ 60 ਦੇਸ਼ਾਂ ਵਿਚ ਪੜ੍ਹਿਆ ਜਾ ਰਿਹਾ ਹੈ। ਅਪ੍ਰੈਲ 2000 ਵਿਚ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ’ਹਮਦਰਦ ’ ਕੈਲੇਫੋਰਨੀਆਂ ਦੇ ਸੈਨਫਰਾਂਸਿਸਕੋ ਸ਼ਹਿਰ ਤੋਂ, ਸਤੰਬਰ 2000 ਵਿਚ ਨਿਊਯਾਰਕ ਤੋਂ, ਅਪ੍ਰੈਲ 2001 ਵਿਚ ਵੈਨਕੂਵਰ ਤੋਂ ਅਤੇ ਮਈ 2003 ਵਿਚ ਚੰਡੀਗੜ੍ਹ ਤੋਂ ਛਾਪਣਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ’ਹਮਦਰਦ ’ ਟਰਾਂਟੋ ਤੋਂ ਛਾਪ ਕੇ ਅਮਰੀਕਾ-ਕੈਨੇਡਾ ਦੇ ਕੋਨੇ-ਕੋਨੇ ਵਿਚ ਭੇਜਿਆ ਜਾਂਦਾ ਸੀ। ਅੱਜ ਦੀ ਘੜ੍ਹੀ ਅਮਰੀਕਾ-ਕੈਨੇਡਾ ’ਚ ’ਹਮਦਰਦ ’ ਦੇ 7 ਲੱਖ ਤੋਂ ਵਧੇਰੇ ਪਾਠਕ ਹਨ ਜੋ ਹਰ ਹਫਤੇ ਛਪਦੇ ਅਖਬਾਰ ਨੂੰ ਪੜ੍ਹਦੇ ਹਨ। ਸਾਲ 2007 ਵਿਚ ’ਹਮਦਰਦ ’ ਦਾ ਰੋਜ਼ਾਨਾ ਈ-ਪੇਪਰ ਸ਼ੁਰੂ ਕੀਤਾ ਜੋ 2010 ਦੇ ਅੰਕੜਿਆ ਮੁਤਾਬਕ ਜਿਸਦੇ 65 ਦੇਸ਼ਾਂ ਵਿਚ 590,000 ਦੇ ਕਰੀਬ ਪਾਠਕ ਹਨ। ’ਹਮਦਰਦ ’ ਕੈਨੇਡਾ ਦੇ ਵਿੰਨੀਪੈਗ, ਕੈਲਗਰੀ, ਐਡਮਿੰਟਨ ਨੂੰ ਛੱਡ ਕੇ ਸਾਰੇ ਉਤਰੀ ਅਮਰੀਕਾ ਵਿਚ ਮੁਫਤ ਵੰਡਿਆ ਜਾਂਦਾ ਹੈ। ਅਮਰੀਕਾ-ਕੈਨੇਡਾ ਦਾ ਸ਼ਾਇਦ ਹੀ ਅਜਿਹਾ ਕੋਈ ਸ਼ਹਿਰ ਹੋਵੇ ਜਿੱਥੇ ’ਹਮਦਰਦ ’ ਨਾ ਪਹੁੰਚਦਾ ਹੋਵੇ।

1995 ਵਿਚ ’ਹਮਦਰਦ ’ ਦਾ ਦਫਤਰ ਟਰਾਂਟੋ ਏਅਰਪੋਰਟ ਦੇ ਨੇੜੇ ਬਰੈਂਪਟਨ ਸ਼ਹਿਰ ’ਚ ਏਅਰਪੋਰਟ ਰੋਡ ਅਤੇ ਸਟੀਲਜ ਐਵਨਿਊ ਤੇ ਖ੍ਰੀਦਿਆ ਗਿਆ ਸੀ ਅਤੇ ਜਨਵਰੀ 2006 ਵਿਚ ਉਤਰੀ ਅਮਰੀਕਾ ਦੇ ਸਭ ਤੋਂ ਵੱਡੇ ਗੁਰੂ ਘਰ ਡਿਕਸੀ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੇ ਮਿਸੀਸਾਗਾ ਸ਼ਹਿਰ ਵਿਖੇ ਇਕ ਆਲੀਸ਼ਾਨ ਬਿਲਡਿੰਗ ਖ੍ਰੀਦ ਕੇ ਬਣਾਇਆ ਗਿਆ ਹੈ ਜਿੱਥੇ ਕਿ ’ਹਮਦਰਦ ’ ਦੇ ਸਾਰੇ ਐਡੀਸ਼ਨ ਤਿਆਰ ਕੀਤੇ ਜਾਂਦੇ ਹਨ। ’ਹਮਦਰਦ ’ ਦੇ ਦੇਸ਼-ਵਿਦੇਸ਼ ਵਿਚ 100 ਤੋਂ ਵਧੇਰੇ ਪੱਤਰਕਾਰ ਹਨ ਅਤੇ 50 ਦੇ ਕਰੀਬ ਫੁੱਲ ਟਾਈਮ ਅਤੇ ਪਾਰਟ ਟਾਈਮ ਸਟਾਫ ਮੈਂਬਰ ਹਨ। ’ਹਮਦਰਦ ’ ਪ੍ਰਵਾਸੀ ਪੰਜਾਬੀਆਂ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ, ਭਾਰਤ ਅਤੇ ਦੁਨੀਆਂ ਦੀਆਂ ਖਬਰਾਂ ਤੋਂ ਇਲਾਵਾ ਸਿਹਤ, ਖੇਡਾਂ, ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਨੂੰ ਵਿਦੇਸ਼ਾਂ ਵਿਚ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਵੈਬਸਾਈਟ ਤੇ ’ਹਮਦਰਦ’ ਦੁਨੀਆਂ ਭਰ ਵਿਚ ਪੜ੍ਹਿਆ ਜਾਂਦਾ ਹੈ। ’ਹਮਦਰਦ’ ਨੂੰ ਪੀਲ਼ ਪੁਲੀਸ ਵੱਲੋਂ 2008 ’ਚ ਬੈਸਟ ਐਥਨਿਕ ਮੀਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

’ਹਮਦਰਦ ’ ਦੇ ਪਾਠਕਾਂ ਨੂੰ ਇਸ ਗੱਲ ਦਾ ਮਾਣ ਹੈ ਕਿ ’ਹਮਦਰਦ ’ ਦੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਪਹਿਲੇ ਪ੍ਰਵਾਸੀ ਪੰਜਾਬੀ ਪੱਤਰਕਾਰ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕ੍ਰਿਚੀਅਨ ਨਾਲ ਜਨਵਰੀ 1996 ’ਚ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਮਲੇਸ਼ੀਆ ਤੇ ਇਸ ਪਿੱਛੋਂ ਪ੍ਰਧਾਨ ਮੰਤਰੀ ਪਾਲ ਮਾਰਟਿਨ ਨਾਲ 2005 ਵਿਚ ਭਾਰਤ, ਚੀਨ, ਜਪਾਨ, ਹਾਂਗਕਾਂਗ, ਬੈਂਕਾਕ, ਸ੍ਰੀਲੰਕਾ ਆਦਿ ਦੇਸ਼ਾਂ ’ਚ ਮੀਡੀਆ ਟੀਮ ਵਿਚ ਸ਼ਾਮਿਲ ਹੋ ਕੇ ਜਾਣ ਦਾ ਮੌਕਾ ਮਿਲਿਆ।

ਨਾਮਵਰ ਪੱਤਰਕਾਰ ਮਹਿਤਾਬ-ਉਦ-ਦੀਨ 2007 ਤੋਂ ’ਹਮਦਰਦ ’ ਦੇ ਮੈਨੇਜਿੰਗ ਐਡੀਟਰ ਹਨ ਜਿਨ੍ਹਾਂ ਦੀ ਅਗਵਾਈ ਹੇਠ ਇਕ ਟੀਮ ਚੰਡੀਗੜ੍ਹ ਦਫਤਰ ਵਿਖੇ ਕੰਮ ਕਰ ਰਹੀ ਹੈ। ਵੈਨਕੂਵਰ ਐਡੀਸ਼ਨ ਦੇ ਸ: ਗੁਰਦੀਪ ਸਿੰਘ ਗਰੇਵਾਲ ਪਿਛਲੇ 10 ਸਾਲਾਂ ਤੋਂ ਮੈਨੇਜਰ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ’ਹਮਦਰਦ ’ ਦਾ ਸਮੁੱਚਾ ਸਟਾਫ ’ਹਮਦਰਦ ’ ਨੂੰ ਨਵੀਂ ਦਿੱਖ ਦੇਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਸ ਤੋਂ ਇਲਾਵਾ ’ਹਮਦਰਦ ’ ਰਾਹੀਂ ਪੁਕਾਰ ਨਾਂ ਦਾ ਇਕ ਕਾਲਮ ਸ਼ੁਰੂ ਕੀਤਾ ਹੋਇਆ ਹੈ ਜਿਸ ਅਧੀਨ ਪੰਜਾਬ ਦੇ ਦੁਖੀ ਤੇ ਲੋੜਵੰਦ ਲੋਕਾਂ ਸਬੰਧੀ ਅਪੀਲਾਂ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਪ੍ਰਵਾਸੀ ਪੰਜਾਬੀਆਂ ਨੇ ਇਹ ਅਪੀਲਾਂ ਪੜ੍ਹ ਕੇ ਪੰਜਾਬ ਵਿਚ ਸੈਂਕੜੇ ਲੋਕਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਹਨ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ।

Copyright © 2011 Hamdard News. All rights reserved.