ਚੰਡੀਗੜ੍ਹ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੋਂ ਇਸ ਵਾਰ ਚੋਣ ਕਮਿਸ਼ਨ ਪਾਈ-ਪਾਈ ਦਾ ਹਿਸਾਬ ਪੁੱਛੇਗਾ। ਚੋਣ ਜ਼ਾਬਤੇ ਦੇ ਅਧੀਨ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਉਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਲਈ ਕੀਤੇ ਜਾਣ ਵਾਲੇ ਖਰਚ ਦਾ ਹਿਸਾਬ ਲੈਣ ਦਾ ਪ੍ਰਬੰਧ ਤਾਂ ਪਹਿਲਾਂ ਹੀ ਕੀਤਾ ਹੋਇਆ ਹੈ, ਪਰ ਕਮਿਸ਼ਨ ਨੇ ਹੁਣ ਇਸ ਹਿਸਾਬ-ਕਿਤਾਬ ਨੂੰ ਵੀ ਢੰਗ ਨਾਲ ਨਾਪਣ ਦਾ ਫ਼ੈਸਲਾ ਕਰ ਲਿਆ ਹੈ। ਚੋਣ ਕਮਿਸ਼ਨ ਨੇ ਅਗਲੇ ਮਹੀਨੇ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਉਮੀਦਵਾਰ ਲਈ ਵੱਖ-ਵੱਖ ਵਸਤੂਆਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਦੇ ਹਿਸਾਬ ਨਾਲ ਹੀ ਉਮੀਦਵਾਰਾਂ ਤੋਂ ਖਰਚ ਦਾ ਲੇਖਾ-ਜ਼ੋਖਾ ਮੰਗਿਆ ਜਾਵੇਗਾ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ਨੂੰ ਲੈ ਕੇ ਚੋਣ ਕਮਿਸ਼ਨ ਦੁਆਰਾ ਜਾਰੀ ਵੱਖ-ਵੱਖ ਵਸਤੂਆਂ ਦੀ ਰੇਟ ਲਿਸਟ ਵਿੱਚ ਜਿੱਥੇ ਜਨਤਕ ਚੋਣ ਸਭਾਵਾਂ ਲਈ ਕਾਰਪੇਟ, ਟੇਬਲ-ਕੁਰਸੀ, ਮੰਚ ਨਿਰਮਾਣ, ਦਰੀਆਂ, ਪੱਖੇ, ਗਲਾਸ-ਜੱਗ, ਟੇਬਲ ਕਲਾਥ, ਤਖ਼ਤਪੋਸ਼, ਮਾਈਕ, ਲਾਊਡਸਪੀਕਰ, ਪ੍ਰਿੰਟਿੰਗ, ਸਟੇਸ਼ਨਰੀ ਆਦਿ ਦੇ ਰੇਟ ਤੈਅ ਕਰ ਦਿੱਤੇ ਹਨ, ਉੱਥੇ ਚੋਣ ਰੈਲੀਆਂ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦਾ ਕਿਰਾਇਆ ਵੀ ਉਨ੍ਹਾਂ ਦੇ ਆਕਾਰ ਦੇ ਹਿਸਾਬ ਨਾਲ ਤੈਅ ਕਰ ਦਿੱਤਾ ਹੈ। ਇਹੀ ਨਹੀਂ, ਉਮੀਦਵਾਰ ਵੱਲੋਂ ਆਪਣੇ ਸਮਰਥਕਾਂ ਨੂੰ ਖੁਆਏ ਜਾਣ ਵਾਲੇ ਖਾਣੇ ਜਾਂ ਹੋਰ ਖੁਰਾਕ ਪਦਾਰਥਾਂ ਜਿਵੇਂ ਸਮੋਸਾ, ਕਚੋਰੀ, ਬਰੈਡ ਪਕੋੜਾ, ਪਨੀਰ ਪਕੌੜਾ, ਬਰ ਜਲੇਬੀ, ਲੱਡੂ, ਰਸਗੁੱਲਾ, ਚਾਹ ਦੇ ਰੇਟ ਵੀ ਤੈਅ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਚੋਣ ਕਮਿਸ਼ਨ ਨੇ ਇਹ ਵੀ ਤੈਅ ਕਰ ਦਿੱਤਾ ਹੈ ਕਿ ਹਰ ਉਮੀਦਵਾਰ ਦਿੱਤੀ ਗਈ ਰੇਟ ਲਿਸਟ ਦੇ ਹਿਸਾਬ ਨਾਲ ਹੀ ਆਪਣਾ ਖਰਚ ਕਮਿਸ਼ਨ ਨੂੰ ਦਿਖਾਵੇ।

ਹੋਰ ਖਬਰਾਂ »