ਨਵੀਂ ਦਿੱਲੀ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬੀਐਸਐਫ ਦੇ ਰਾਸ਼ਣ 'ਤੇ ਸਵਾਲ ਚੁੱਕਣ ਵਾਲੇ ਕਾਂਸਟੇਬਲ ਤੇਜ ਬਹਾਦਰ ਯਾਦਵ ਨੂੰ ਐਲਓਸੀ ਤੋਂ ਹਟਾ ਕੇ ਹੈਡਕੁਆਰਟਰ ਭੇਜ ਦਿੱਤਾ ਗਿਆ ਹੈ।  ਬਾਅਦ ਵਿਚ ਤੇਜ ਬਹਾਦਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਪਲੰਬਰ ਦੀ ਡਿਊਟੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਮੈਸ ਕਮਾਂਡਰ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਬੀਐਸਐਫ ਨੇ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ।  ਇਸ ਤੋਂ ਪਹਿਲਾਂ ਬੀਐਸਐਫ ਆਈਜੀ ਡੀਕੇ ਉਪਾਧਿਆ ਨੇ ਕਿਹਾ ਕਿ ਤੇਜ ਬਹਾਦਰ ਦਾ 2010 ਵਿਚ ਸੀਨੀਅਰ ਅਫ਼ਸਰ 'ਤੇ ਬੰਦੂਕ ਤਾਣਨ ਦੇ ਲਈ ਕੋਰਟ ਮਾਰਸ਼ਲ ਹੋਇਆ ਸੀ। ਪਰਿਵਾਰ ਦਾ ਖਿਆਲ ਕਰਦੇ ਹੋਏ ਬਰਖਾਸਤ ਕਰਨ ਦੀ ਬਜਾਏ 89 ਦਿਨ ਜੇਲ੍ਹ ਵਿਚ ਰੱਖ ਕੇ ਨੌਕਰੀ ਬਹਾਲ ਕਰ ਦਿੱਤੀ ਗਈ। 20 ਸਾਲ ਦੇ ਕਰੀਅਰ ਵਿਚ 4 ਵਾਰ ਕੜੀ ਸਜ਼ਾ ਮਿਲ ਚੁੱਕੀ ਹੈ। ਬੀਐਸਐਫ ਦੇ ਬਿਆਨ ਤੋਂ ਬਾਅਦ ਯਾਦਵ ਨੇ ਆਡੀਓ ਪੋਸਟ ਕਰਕੇ ਜਵਾਬ ਦਿੱਤਾ। ਕਿਹਾ ਕਿ ਜੇਕਰ ਮੈਂ ਗਲਤ ਸੀ ਤਾਂ ਆਲ ਰਾਊਂਡ ਬੈਸਟ ਮੈਡਲ ਅਤੇ 14 ਐਵਾਰਡ ਕਿਵੇਂ ਮਿਲੇ? ਤੇਜ ਨੇ ਇਕ ਦਿਨ ਪਹਿਲਾਂ ਚਾਰ ਵੀਡੀਓ ਪੋਸਟ ਕਰਕੇ ਬੀਐਸਐਫ ਵਿਚ  ਖਰਾਬ ਖਾਣੇ ਦੀ ਸ਼ਿਕਾਇਤ ਕੀਤੀ ਸੀ। ਬੀਐਸਐਫ ਆਈਜੀ ਡੀਕੇ ਉਪਾਧਿਆ ਨੇ ਕਿਹਾ ਕਿ ਐਲਓਸੀ 'ਤੇ ਤੈਨਾਤ ਫੋਰਸ ਦਾ ਰਾਸਣ ਆਰਮੀ ਸਪਲਾਈ ਕਰਦੀ ਹੈ। 1ਜਨਵਰੀ ਤੋਂ ਸਰਦੀਆਂ ਦੀ ਸਟੌਕਿੰਗ ਸ਼ੁਰੂ ਹੁੰਦੀ ਹੈ। ਇਸ ਦੌਰਾਨ ਜ਼ਿਆਦਾਤਰ ਡੱਬਾ ਬੰਦ ਖਾਣਾ ਅਤੇ ਸੁੱਕੇ ਰਾਸ਼ਣ ਮਿਲਦੇ ਹਨ।

ਹੋਰ ਖਬਰਾਂ »