ਤਲਵੰਡੀ ਸਾਬੋ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਚੋਣ ਦਫ਼ਤਰ ਦੇ ਉਦਘਾਅਨ ਮੌਕੇ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਵਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਧਾਰਮਿਕ ਸਜ਼ਾ ਤਹਿਤ ਸੇਵਾ ਕਰਨ ਦੇ ਲਈ ਪਹੁੰਚੇ ਪੰਜਾਬ ਦੇ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਿਰੋਧ ਵਿਚ ਇਕ ਦਰਜਨ ਦੇ ਕਰੀਬ ਸਰਬਤ ਖਾਲਸਾ ਧੜੇ ਨਾਲ ਸਬੰਧਤ ਨੇਤਾਵਾਂ ਦੇ ਤਖ਼ਤ ਸਾਹਿਬ ਦੇ ਬਾਹਰ ਪੁੱਜਣ ਦੀ ਖ਼ਬਰ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿਚ ਭਾਜੜਾਂ ਪੈ ਗਈਆਂ। ਮਾਹੌਲ ਕਾਫੀ ਦੇਰ ਤਣਾਅਪੂਰਣ ਬਣਿਆ ਰਿਹਾ। ਇਸ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਮਲੂਕਾ ਨੂੰ ਤਖ਼ਤ ਸਾਹਿਬ ਦੇ ਪਿਛਲੇ ਰਸਤੇ ਤੋਂ ਰਵਾਨਾ ਕੀਤਾ। ਇਥੇ ਦੱਸਣਾ ਬਣਦਾ ਹੈ ਕਿ ਧਾਰਮਿਕ ਸਜ਼ਾ ਤਹਿਤ ਜਿਵੇਂ ਹੀ ਸਿੱਖ ਜੱਥੇਬੰਦੀਆਂ ਦੇ ਨੇਤਾਵਾਂ ਨੂੰ ਇਹ ਭਿਣਕ ਲੱਗੀ ਕਿ ਕੈਬਿਨੇਟ ਮੰਤਰੀ ਮਲੂਕਾ ਲੰਗਰ ਹਾਲ ਵਿਚ ਸੇਵਾ ਨਿਭਾਅ ਰਹੇ ਹਨ ਤਾਂ ਉਹ ਤਖ਼ਤ ਸਾਹਿਬ ਦੇ ਮੁੱਖ ਗੇਟ ਵੱਲ ਇਕੱਠੇ ਸ਼ੁਰੂ ਹੋ ਗਏ। ਸਿੱਖ ਨੇਤਾਵਾਂ ਦਾ ਪਹਿਲਾਂ ਪ੍ਰੋਗਰਾਮ ਸੀ ਕਿ ਉਹ ਮਲੂਕਾ ਵਲੋਂ ਸੇਵਾ ਕਰਕੇ ਬਾਹਰ ਨਿਕਲਦੇ ਹੀ ਉਨ੍ਹਾਂ ਕਾਲੀਆਂ ਝੰਡੀਆਂ ਦਿਖਾਉਣਗੇ। ਪ੍ਰੰਤੂ ਮਾਹੌਲ ਉਸ ਸਮੇਂ ਤਣਾਅਪੁਰਣ ਬਣ ਗਿਆ ਜਦ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਸਿੰਘ ਮਲੂਕਾ ਕਾਫ਼ਲੇ ਸਮੇਤ ਬਾਹਰ ਨਿਕਲੇ ਤਾਂ ਸਿੱਖ ਜੱਥੇਬੰਦੀਆਂ ਦੇ ਨੇਤਾਵਾਂ ਨੇ ਕਾਲੀ ਝੰਡੀਆਂ ਦਿਖਾਉਣ ਦੇ ਨਾਲ ਨਾਲ ਮਲੂਕਾ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗੁਰਪ੍ਰੀਤ ਮਲੂਕਾ ਦੇ ਨਾਲ ਜਾ ਰਹੇ ਉਨ੍ਹਾਂ ਦੇ ਸਮਰਥਕਾਂ ਨੇ ਮਲੂਕਾ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗੁਰਪ੍ਰੀਤ ਮਲੂਕਾ ਦੇ ਨਾਲ ਜਾ ਰਹੇ ਉਨ੍ਹਾਂ ਦੇ ਸਮਰਥਕਾਂ ਨੇ ਮਲੂਕਾ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਨਾਲ ਹਾਲਾਤ ਤਣਾਅਪੂਰਣ ਹੋ ਗਏ ਅਤੇ ਦੋਵੇਂ ਧਿਰਾਂ ਵਿਚ ਗੱਲ ਬਹਿਸ ਤੱਕ ਪਹੁੰਚ ਗਈ। ਪ੍ਰੰਤੂ ਮੌਕੇ 'ਤੇ ਮੌਜੂਦ ਡੀਐਸਪੀ ਚੰਦ ਸਿੰਘ ਦੀ ਸਮਝਦਾਰੀ ਨਾਲ ਟਕਰਾਅ ਟਲ ਗਿਆ। ਬਾਅਦ ਵਿਚ ਸਿੱਖ ਜੱਥੇਬੰਦੀਆਂ ਦੇ ਨੇਤਾਵਾਂ ਨੇ ਇਹ ਦੋਸ਼ ਲਾਇਆ ਕਿ ਕੈਬਿਨੇਟ ਮੰਤਰੀ ਦੇ ਸਮਰਥਕਾਂ ਨੇ ਉਨ੍ਹਾਂ ਗਾਲ੍ਹਾਂ ਕੱਢੀਆਂ ਹਨ ਤੇ ਉਹ ਤੇਜ਼ਧਾਰ ਹਥਿਆਰਾਂ ਸਮੇਤ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਅਤੇ ਮਲੂਕਾ ਨੂੰ ਬਚਾਉਣ ਦਾ ਦੋਸ਼ ਲਾਉਂਦੇ  ਹੋਏ ਭੜਕ ਗਏ ਅਤੇ ਉਨ੍ਹਾਂ ਐਲਾਨ ਕਰ ਦਿੱਤਾ ਕਿ ਉਹ ਮਲੂਕਾ ਨੂੰ ਉਥੋਂ ਨਿਕਲਣ ਹੀ ਨਹੀਂ ਦੇਣਗੇ।  ਜਿਸ 'ਤੇ ਪੁਲਿਸ ਦੇ ਲਈ ਮਾਮਲਾ ਟੇਢੀ ਖੀਰ ਬਣ ਗਿਆ ਅਤੇ ਆਖ਼ਰ ਵਿਚ ਸੰਭਾਵੀ ਟਕਰਾਅ ਟਾਲਣ ਦੇ ਲਈ ਮਲੂਕਾ ਨੂੰ ਤਖ਼ਤ ਸਾਹਿਬ ਦੇ ਪਿਛਲੇ ਰਸਤੇ ਤੋਂ ਰਵਾਨਾ ਕੀਤਾ ਗਿਆ। 

ਹੋਰ ਖਬਰਾਂ »