ਚੰਡੀਗੜ੍ਹ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਵਿਧਾਨ ਸਭਾ ਚੋਣਾਂ 20 ਹਜ਼ਾਰ ਭਗੌੜੇ ਮੁਲਜ਼ਮ ਵੋਟ ਨਹੀਂ ਪਾ ਸਕਣਗੇ। ਪੰਜਾਬ ਪੁਲਿਸ ਨੇ ਇਨ੍ਹਾਂ ਦੀਆਂ ਵੋਟਾਂ ਨੂੰ ਵੋਟਰ ਸੂਚੀ ਵਿਚੋਂ ਖਾਰਜ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਏਡੀਜੀਪੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ 9 ਜਨਵਰੀ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਹੈ ਕਿ ਭਗੌੜਿਆਂ ਦੀਆਂ ਸੂਚੀਆਂ ਜ਼ਿਲ੍ਹਾ ਚੋਣ ਪ੍ਰਸ਼ਾਸਨ ਹਵਾਲੇ ਕੀਤੀਆਂ ਜਾਣ ਤਾਂ ਜੋ ਇਨ੍ਹਾਂ ਦੇ ਨਾਂ ਵੋਟਰ ਸੂਚੀਆਂ ਵਿਚੋਂ ਖਾਰਜ ਕੀਤੇ ਜਾ ਸਕਣ।
ਪਤਾ ਲੱਗਾ ਕਿ ਜੇਲ੍ਹਾਂ ਵਿਚ ਪੈਰੋਲ 'ਤੇ ਗਏ ਫਰਾਰ ਹੋਏ ਮੁਲਜ਼ਮਾਂ ਦੇ ਨਾਂ ਵੀ ਵੋਟਰ ਸੂਚੀਆਂ ਵਿਚੋਂ ਖਾਰਜ ਕੀਤੇ ਜਾਣੇ ਹਨ ਪਰ ਫਿਲਹਾਲ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ। ਜ਼ਿਲ੍ਹਾ ਬਠਿੰਡਾ ਵਿਚ ਕਰੀਬ 535 ਮੁਲਜ਼ਮ ਭਗੌੜੇ ਹਨ ਅਤੇ ਪਿਛਲੇ ਸਮੇਂ ਦੌਰਾਨ ਕਰੀਬ 70 ਭਗੌੜੇ ਕਾਬੂ ਵੀ ਕੀਤੇ ਗਏ ਹਨ। ਸੂਤਰ ਦੱਸਦੇ ਹਨ ਕਿ ਕਾਫੀ ਭਗੌੜੇ ਮੁਲਜ਼ਮ ਤਾਂ ਵਿਦੇਸ਼ ਜਾਣ ਵਿਚ ਸਫ਼ਲ ਹੋ ਗਏ ਹਨ। ਕਾਫੀ ਗੈਂਗਸਟਰ ਵੀ ਭਗੌੜੇ ਐਲਾਨੇ ਗਏ ਹਨ। ਇਨ੍ਹਾਂ ਗੈਂਗਸਟਰਾਂ ਦੇ ਨਾਂ ਵੀ ਹੁਣ ਵੋਟਰ ਸੂਚੀ ਵਿਚੋਂ ਖਾਰਜ ਕੀਤੇ ਜਾ ਰਹੇ ਹਨ। ਸੂਤਰ ਆਖਦੇ ਹਨ ਕਿ ਬਹੁਤੇ ਮੁਲਜ਼ਮ ਸਿਆਸੀ ਲੀਡਰਾਂ ਦੀ ਰਹਿਨੁਮਾਈ ਹੇਠ ਆਪਣੀ ਵੋਟ ਦਾ ਇਸਤੇਮਾਲ ਕਰਨ ਵਿਚ ਕਾਮਯਾਬ ਹੁੰਦੇ ਹਨ, ਜਿਸ ਕਰਕੇ ਪੁਲਿਸ ਨੇ ਇਨ੍ਹਾਂ ਦੇ ਨਾਂ ਵੋਟਰ ਸੂਚੀਆਂ ਵਿਚੋਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਹੋਰ ਖਬਰਾਂ »