ਨਵੀਂ ਦਿੱਲੀ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਇਰਾਕ ਦੇ ਜੰਗ ਨਾਲ ਜੂਝ ਰਹੇ ਸ਼ਹਿਰ ਮੋਸੂਲ ਵਿੱਚ ਫਸੇ 39 ਭਾਰਤੀ ਜ਼ਿੰਦਾ ਹਨ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਭਾਰਤੀਆਂ ਨੂੰ 2014 ਵਿੱਚ ਇਰਾਕ ਤੇ ਸੀਰੀਆ ਦੇ ਆਈਐਸਆਈਐਸ ਦੇ ਅੱਤਵਾਦੀਆਂ ਨੇ ਬੰਧਕ ਬਣਾ ਲਿਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਦੱਸਿਆ ਕਿ ਭਾਰਤ ਕੋਲ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ''ਅਸੀਂ ਇਸ ਸਬੰਧੀ ਮਦਦ ਲਈ ਸਾਰੇ ਦੇਸ਼ਾਂ ਨਾਲ ਸੰਪਰਕ ਕਰ ਰਹੇ ਹਾਂ, ਜਿਹੜੇ ਸਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਕੁਝ ਹੋਰ ਕਹਿਣ ਤੋਂ ਮਨ੍ਹਾ ਕਰਦਿਆਂ ਕਿਹਾ ਕਿ ਇਹ ਨਾਜ਼ੁਕ ਸਮਾਂ ਹੈ।”
ਦੋ ਸਾਲ ਪਹਿਲਾਂ ਇਸਲਾਮਿਕ ਸਟੇਟ ਦੇ ਹੱਥਾਂ ਵਿੱਚ ਆਏ ਮੋਸੂਲ ਸ਼ਹਿਰ 'ਚ ਅੱਤਵਾਦੀਆਂ ਨਾਲ ਅਮਰੀਕੀ ਤੇ ਇਰਾਕੀ ਫੌਜ ਸਾਂਝੇ ਤੌਰ 'ਤੇ ਲੋਹਾ ਲੈ ਰਹੀ ਹੈ।
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਨੇ ਕਿਹਾ ਕਿ ਇੱਕ ਲੱਖ ਨਾਗਰਿਕ ਮੋਸੂਲ ਵਿੱਚ ਇਸਲਾਮਿਕ ਸਟੇਟ ਲਾਈਨਸ ਦੇ ਪਿੱਛੇ ਫਸੇ ਹੋਏ ਹਨ। ਇੱਥੇ ਇਸਲਾਮਿਕ ਸਟੇਟ ਬੱਚਿਆਂ ਨੂੰ ਮਨੁੱਖੀ ਢਾਲਾਂ ਵਜੋਂ ਵਰਤ ਰਿਹਾ ਹੈ।

ਹੋਰ ਖਬਰਾਂ »