ਲੰਡਨ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਲੰਡਨ ਦੇ ਫਿੰਸਬਰੀ ਪਾਰਕ ਮਸਜਿਦ ਦੇ ਕੋਲ ਇਕ ਗੱਡੀ ਨੇ ਨਮਾਜ਼ ਪੜ੍ਹ ਕੇ ਆ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਕੋਈ ਹਾਦਸਾ ਹੈ ਜਾਂ ਫੇਰ ਇਸ ਘਟਨਾ ਨੂੰ ਸਾਜ਼ਿਸ਼ ਦੇ ਤਹਿਤ ਅੰਜ਼ਾਮ ਦਿੱਤਾ ਗਿਆ। ਇਸ ਤੋਂ ਪਹਿਲਾਂ ਚਾਰ ਜੂਨ ਨੂੰ ਲੰਡਨ ਬ੍ਰਿਜ ਅਤੇ ਬਰੋ ਮਾਰਕਿਟ ਹਮਲੇ ਵਿਚ 8 ਦੀ ਮੌਤ ਹੋ ਗਈ ਸੀ। ਕਰੀਬ 50 ਜ਼ਖ਼ਮੀ ਹੋ ਗਏ ਸੀ। ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਇਹ ਹਾਦਸਾ ਲੰਡਨ ਦੇ ਸੇਵਨ ਸਿਸਟਰ ਰੋਡ ਦੇ ਕੋਲ ਹੋਇਆ। ਲੋਕਲ ਟਾਈਮ ਦੇ ਮੁਤਾਬਕ ਘਟਨਾ ਐਤਵਾਰ ਰਾਤ ਸਵਾ ਬਾਰ੍ਹਾਂ ਵਜੇ ਦੀ ਹੈ। ਜਿੱਥੇ ਇਹ ਘਟਨਾ ਹੋਈ ਉਸ ਤੋਂ ਦਸ ਕਿਲੋਮੀਟਰ ਦੂਰ ਹੀ ਓਵਲ ਵਿਚ ਭਾਰਤ-ਪਾਕਿ ਦੇ ਵਿਚ ਚੈਂਪੀਅਨਸ ਟਰਾਫ਼ੀ ਦਾ ਫਾਈਨਲ ਮੈਚ ਖੇਡਿਆ ਗਿਆ ਸੀ। ਲੰਡਨ ਮੈਟਰੋਪੋਲਿਟਨ ਪੁਲਿਸ ਨੇ ਦੱਸਿਆ ਕਿ ਜਿਸ ਗੱਡੀ ਨਾਲ ਟੱਕਰ ਮਾਰੀ ਗਈ, ਉਹ ਚਿੱਟੇ ਰੰਗ ਦੀ ਵੈਨ ਹੈ। ਇਸ ਘਟਨਾ ਤੋਂ ਬਾਅਦ ਵੀ ਐਮਰਜੈਂਸੀ ਸਰਵਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।  ਨਮਾਜ਼ ਤੋਂ ਬਾਅਦ ਲੋਕ ਮਸਜਿਦ ਤੋਂ ਬਾਹਰ ਆਏ। ਉਥੇ ਇਕ ਬਜ਼ੁਰਗ ਵਿਅਕਤੀ ਬੱਸ ਨਾਲ ਟਕਰਾ ਗਿਆ ਸੀ। ਨਮਾਜ਼ੀ ਉਸ ਦੀ ਮਦਦ ਕਰ ਰਹੇ ਸੀ। ਉਦੋਂ ਹੀ ਚਿੱਟੇ ਰੰਗ ਦੀ ਤੇਜ਼ ਰਫਤਾਰ ਵੈਨ ਆਈ ਅਤੇ ਉਸ ਨੇ ਲੋਕਾਂ ਨੂੰ ਦਰੜ ਦਿੱਤਾ। ਵੈਨ ਵਿਚ ਤਿੰਨ ਲੋਕ ਸਵਾਰ ਸੀ। ਕੁਝ ਰਾਹਗੀਰਾਂ ਨੇ ਵੈਨ ਦੇ ਡਰਾਈਵਰ ਤਦ ਤੱਕ ਫੜੀ ਰੱਖਿਆ ਜਦ ਤੱਕ ਪੁਲਿਸ ਨਹੀਂ ਪੁੱਜੀ। ਇਹ ਸਾਫ ਨਹੀਂ ਹੈ ਕਿ ਇਹ ਕੋਈ ਹਾਦਸਾ ਹੈ ਜਾਂ ਫੇਰ ਇਸ ਘਟਨਾ ਨੂੰ ਕਿਸੇ ਸਾਜ਼ਿਸ਼ ਤਹਿਤ ਅੰਜ਼ਾਮ ਦਿੱਤਾ ਗਿਆ। ਹਾਲਾਂਕਿ ਮੁਸਲਿਮ ਕੌਂਸਲ ਬ੍ਰਿਟੇਨ ਦਾ ਕਹਿਣਾ ਹੈ ਕਿ ਵੈਨ ਦੇ ਡਰਾਈਵਰ ਨੇ ਜਾਣ ਬੁੱਝ ਕੇ ਲੋਕਾਂ ਨੂੰ ਟੱਕਰ ਮਾਰੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਕਾਫੀ ਭੀੜ ਭਾੜ ਵਾਲਾ ਹੈ ਕਿਉਂਕਿ ਕੋਲ ਹੀ ਮਸਜਿਦ ਹੈ। ਰਮਜ਼ਾਨ ਦੌਰਾਨ ਲੋਕ ਸ਼ਾਮ ਦੀ ਨਮਾਜ ਅਦਾ ਕਰਨ ਆਏ ਸੀ।  ਇਸ ਤੋਂ ਪਹਿਲਾਂ 4 ਜੂਨ ਨੂੰ ਲੰਡਨ ਬ੍ਰਿਜ 'ਤੇ ਪੈਦਲ ਚਲੀ ਰਹੇ ਲੋਕਾਂ 'ਤੇ ਇਕ ਵਿਅਕਤੀ ਨੇ ਵੈਨ ਚੜ੍ਹਾ ਦਿੱਤੀ। ਦੋ ਹੋਰ ਇਲਾਕਿਆਂ ਵਿਚ ਵੀ ਹਮਲੇ ਕੀਤੇ ਗਏ। ਪੁਲਿਸ ਨੇ ਇਨ੍ਹਾ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ