ਸ੍ਰੀਨਗਰ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਚੈਂਪੀਅਨ ਟਰਾਫ਼ੀ ਦੇ ਫਾਈਨਲ ਵਿਚ ਪਾਕਿਸਤਾਨ ਦੀ ਭਾਰਤ 'ਤੇ ਜਿੱਤ ਦਾ ਕਸ਼ਮੀਰ ਵਿਚ ਜਸ਼ਨ ਮਨਾਇਆ ਗਿਆ। ਘਾਟੀ ਵਿਚ ਕਈ ਜਗ੍ਹਾ 'ਤੇ ਲੋਕਾਂ ਨੇ ਇਸ ਜਿੱਤ 'ਤੇ ਪਟਾਕੇ ਚਲਾਏ। ਕੁਝ ਜਗ੍ਹਾ ਤਾਂ ਨੌਜਵਾਨਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਵੀ ਹੋ ਗਈ ਅਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਦੇ ਕੈਂਪ  ਵੱਲ ਪਟਾਕੇ ਸੁੱਟੇ। ਸ੍ਰੀ ਵਿਚ ਨੌਜਵਾਨਾਂ ਨੇ ਪਟਾਕੇ ਛੱਡੇ, ਪਾਕਿਸਤਾਨੀ ਝੰਡੇ ਲਹਿਰਾਏ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ। ਸ੍ਰੀਨਗਰ ਦੇ ਫਤਿਹਕਦਾਲ ਅਤੇ ਸਾਕੀਦਫਰ ਅਤੇ ਅਨੰਤਨਾਗ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਕੈਂਪਾਂ ਵੱਲ ਪਟਾਕੇ ਸੁੱਟਦੇ ਨੌਜਵਾਨਾਂ ਨੂੰ ਤਿੱਤਰ ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡਣੇ ਪਏ।  ਤਰਾਲ ਵਿਚ ਵੱਡੀ ਗਿਣਤੀ ਵਿਚ ਪੁਰਸ਼ ਅਤੇ ਮਹਿਲਾਵਾਂ ਨੇ ਸੜਕਾਂ 'ਤੇ ਨਿਕਲ ਕੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਇਆ। ਚਸ਼ਮਦੀਦਾਂ ਨੇ ਦੱਸਿਆ ਕਿ ਤਰਾਲ ਦੇ ਹਰ ਪਿੰਡ ਵਿਚ ਜਿੱਤ ਦਾ ਜਲੂਸ ਕੱਢਿਆ ਗਿਆ। ਸ਼ਹਿਰ ਵਿਚ ਜਮ੍ਹਾ ਹੋਈ ਭਾਰੀ ਭੀੜ ਨੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ। ਖ਼ਬਰਾਂ ਮੁਤਾਬਕ ਸ਼ੋਪੀਆਂ ਅਤੇ ਕੁਲਗਾਮ ਵਿਚ ਅੱਤਵਾਦੀਆਂ ਨੇ ਹਵਾਈ ਫਾਇਰਿੰਗ ਕੀਤੀ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੋਪੋਰ, ਬਾਰਾਮੂਲਾ ਵਿਚ ਵੀ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਦੀ ਖ਼ਬਰਾਂ ਹਨ। ਐਨਆਈਟੀ ਸ੍ਰੀਨਗਰ  ਕੈਂਪਸ ਨੂੰ ਚੌਕਸੀ ਦੇ ਤੌਰ 'ਤੇ ਪੰਜ ਵਜੇ ਬੰਦ ਕਰ ਦਿੱਤਾ ਗਿਆ। ਪਿਛਲੇ ਸਾਲ ਭਾਰਤ-ਪਾਕਿਸਤਾਨ ਮੈਚ ਦੌਰਾਨ ਇੱਥੇ ਵਿਦਿਆਰਥੀਆਂ ਵਿਚ ਟਕਰਾਅ ਹੋ ਗਿਆ ਸੀ। ਦੱਸਣਯੋਗ ਹੈ ਕਿ ਲੰਡਨ ਦੇ ਓਵਲ ਮੈਦਾਨ ਵਿਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿਚ ਪਾਕਿਸਤਾਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ 180 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਪਹਿਲਾਂ ਖੇਡਦਿਆਂ ਪਾਕਿਸਤਾਨ ਨੇ ਨਿਰਧਾਰਤ 50 ਓਵਰਾਂ ਵਿਚ  338 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਲਈ 339 ਦੌੜਾਂ ਦਾ ਟੀਚਾ ਦਿੱਤਾ। ਭਾਰਤ ਦੀ ਟੀਮ 30.3 ਓਵਰਾਂ ਵਿਚ 158 ਦੌੜਾਂ 'ਤੇ  ਆਲ ਆਊਟ ਹੋ ਗਈ।  ਪਾਕਿ ਵਲੋਂ ਮੈਨ ਆਫ਼ ਦ ਮੈਚ ਫਖਰ ਜਮ੍ਹਾਂ ਨੇ 114 ਅਤੇ ਅਜ਼ਹਰ ਅਲੀ ਨੇ ਸ਼ਾਨਦਾਰ 59 ਦੌੜਾਂ ਬਣਾਈਆਂ। ਭਾਰਤ ਵਲੋਂ ਸਿਰਫ ਪਾਂਡਿਆਂ ਨੇ ਹੀ 76 ਦੌੜਾਂ ਦੀ ਪਾਰੀ ਖੇਡੀ। ਬਾਕੀ ਕੋਈ ਵੀ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ।

ਹੋਰ ਖਬਰਾਂ »