ਨਵੀਂ ਦਿੱਲੀ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਐਲਾਨ ਕੀਤਾ  ਹੈ ਕਿ ਯਮਨ ਵਿਚ ਹੈਜ਼ਾ ਫੈਲਣ ਕਾਰਨ ਮ੍ਰਿਤਕਾਂ ਦੀ ਗਿਣਤੀ 1054 ਹੋ ਗਈ ਹੈ। ਇਸ ਦੇ ਨਾਲ ਹੀ ਹੈਜ਼ਾ ਦੇ ਸ਼ੱਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1,51,000 ਹੋ ਗਈ ਹੈ। 27 ਅਪ੍ਰੈਲ ਤੋਂ ਬਾਅਦ ਸਿਰਫ ਸੱਤ ਹਫਤਿਆਂ ਵਿਚ 22 ਵਿਚੋਂ 20 ਪ੍ਰਸ਼ਾਸਨਿਕ ਖੇਤਰਾਂ ਵਿਚ ਹੈਜ਼ਾ ਫੈਲਾ ਚੁੱਕਾ ਹੈ। ਡਬਲਿਊਐਚਓ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਹੈਜ਼ੇ ਦੇ ਸ਼ੱਕੀ ਮਾਮਲਿਆਂ ਦੀ ਗਿਣਤੀ ਅਗਲੇ ਛੇ ਮਹੀਨਿਆਂ ਵਿਚ ਤਿੰਨ ਲੱਖ ਤੱਕ ਪਹੁੰਚ ਸਕਦੀ ਹੈ।
ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਯਮਨ ਵਿਚ ਸਿਹਤ ਸੇਵਾ ਪ੍ਰਣਾਲੀ ਠੱਪ ਹੋ ਚੁੱਕੀ ਹੈ। ਵਰਤਮਾਨ ਵਿਚ ਜਾਰੀ ਸੰਘਰਸ਼  ਦੇ ਕਾਰਨ ਕਈ ਹਸਪਤਾਲ ਬੰਦ ਹੋ ਚੁੱਕੇ ਹਨ। ਉਨ੍ਹਾਂ ਵਿਚੋਂ ਸਿਰਫ 45 ਪ੍ਰਤੀਸ਼ਤ ਦਾ ਸੰਚਾਲਨ ਹੋ ਰਿਹਾ ਹੈ ਅਤੇ ਉਹ ਵੀ ਸਮਾਨ ਅਤੇ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਹੇ ਹਨ। ਦੇਸ਼ ਦੀ ਕੁਲ ਆਬਾਦੀ ਦੇ ਦੋ ਤਿਹਾਈ ਯਾਨੀ ਕਰੀਬ 1.9 ਕਰੋੜ ਲੋਕਾਂ ਨੂੰ ਮਨੁੱਖੀ ਅਤੇ ਸੁਰੱਖਿਆ ਸਹਾਇਤਾ ਦੀ ਜ਼ਰੂਰਤ ਹੈ। ਕਰੀਬ 1.03 ਕਰੋੜ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ ਅਤੇ 1.45 ਕਰੋੜ ਨੂੰ ਪੀਣ ਦਾ ਸਾਫ ਪਾਣੀ ਉਪਲਬਧ ਨਹੀਂ ਹੈ।

ਹੋਰ ਖਬਰਾਂ »