ਛੇਹਰਟਾ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੀਏ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਅਨਸਰ ਨੂੰ ਛੇਹਰਟਾ ਥਾਣੇ ਦੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਫਰਜ਼ੀ ਪੀਏ ਸਤਨਾਮ ਸਿੰਘ ਸੇਖਵਾਂ ਮੁਅੱਤਲ ਹੋਏ ਹੈਲਥ ਵਰਕਰ ਗੁਰਪ੍ਰੀਤ ਸਿੰਘ ਨੂੰ ਬਹਾਲ ਕਰਵਾਉਣ ਲਈ 30 ਹਜ਼ਾਰ ਰੁਪਏ ਲੈ ਚੁੱਕਾ ਸੀ ਤੇ ਬਾਕੀ ਦਸ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ।  ਗੁਰਪ੍ਰੀਤ ਸਿੰਘ ਵਾਸੀ ਨਿਊ ਪਵਨ ਨਗਰ , ਬਟਾਲਾ ਰੋਡ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵਿਚ ਹੈਲਥ ਵਰਕਰ ਲੱਗਾ ਸੀ, ਕਰੀਬ ਤਿੰਨ ਸਾਲ ਪਹਿਲਾਂ ਉਸ ਖ਼ਿਲਾਫ਼ ਪੁਲਿਸ ਨੇ ਅਪਰਾਧਕ ਮਾਮਲਾ ਦਰਜ ਕੀਤਾ ਤੇ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਵਿਚ ਉਸ ਦੀ ਮੁਲਾਕਾਤ ਨਰਾਇਣਗੜ੍ਹ ਵਾਸੀ ਸਤਨਾਮ ਸਿੰਘ ਸੇਖਵਾਂ ਨਾਲ ਹੋਈ ਸੀ। ਸਤਨਾਮ ਨੇ ਦੱਸਿਆ ਕਿ ਉਹ ਵਿਧਾਇਕ ਨਜਵੋਤ ਸਿੱਧੂ ਦਾ ਪੀਏ ਹੈ ਅਤੇ ਲੋਕਾਂ ਦੇ ਕੰਮ ਕਰਾਉਂਦਾ ਹੈ। ਜ਼ਮਾਨਤ ਤੋਂ ਛੁਟਣ ਮਗਰੋਂ ਸਤਨਾਮ ਨੇ ਦੱਸਿਆ ਕਿ ਉਹ ਸਿੱਧੂ ਨੂੰ ਕਹਿ ਕੇ ਪੀੜਤ ਨੂੰ ਹੈਲਥ ਵਰਕਰ ਵਜੋਂ ਲੁਆ ਦੇਵੇਗਾ। ਉਹ ਮੁਲਜ਼ਮ ਦੀਆਂ ਗੱਲਾਂ ਵਿਚ ਆ ਗਿਆ ਤੇ ਤਿੰਨ ਕਿਸ਼ਤਾਂ ਵਿਚ 30 ਹਜ਼ਾਰ ਰੁਪਏ ਦਾ ਭੁਗਤਾਨ ਕਰ ਬੈਠਾ ਪਰ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਪੀਏ ਨੇ ਗੁਰਪ੍ਰੀਤ ਨੂੰ ਬਹਾਲ ਕਰਵਾਇਆ ਤੇ ਨਾ ਹੀ ਪੈਸੇ ਮੋੜਨ ਲਈ ਰਾਜ਼ੀ ਸੀ।  ਇਸ ਤੋਂ ਬਾਅਦ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਤੇ ਫੇਰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।

ਹੋਰ ਖਬਰਾਂ »