ਨਵੀਂ ਦਿੱਲੀ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰਪਤੀ ਚੋਣਾਂ 2017 ਦੇ ਸੰਦਰਭ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਨੂੰ ਆਪਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਮਗਰੋਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹਾ ਨੇ ਐਲਾਨ ਕੀਤਾ ਕਿ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਮਗਰੋਂ ਕੋਵਿੰਦ ਜੀ ਦੇ ਨਾਂਅ 'ਤੇ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧੀ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ। ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਗੱਲਬਾਤ ਕਰ ਕੇ ਅੱਗੇ ਦੇ ਫੈਸਲੇ ਬਾਰੇ ਦੱਸਾਂਗੇ। ਅਮਿਤ ਸ਼ਾਹ ਨੇ ਦੱਸਿਆ ਕਿ ਰਾਮਨਾਥ ਕੋਵਿੰਦ ਜੀ ਪਿਛੜੇ ਵਰਗ ਅਤੇ ਗਰੀਬਾਂ ਲਈ ਹਮੇਸ਼ਾਂ ਸੰਘਰਸ਼ ਕਰਦੇ ਰਹੇ ਹਨ। ਰਾਮਨਾਥ ਕੋਵਿੰਦ ਦਾ ਜਨਮ 1 ਅਕਤੂਬਰ 1945 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ 'ਚ ਹੋਇਆ। ਉਹ ਭਾਜਪਾ ਦਲਿਤ ਮੋਰਚਾ ਦੇ ਪ੍ਰਧਾਨ ਰਹਿ ਚੁਕੇ ਹਨ। ਯੂਪੀ ਤਂ ਦੋ ਵਾਰ ਰਾਜਸਭਾ ਮੈਂਬਰ ਰਹੇ ਹਨ। ਪੇਸ਼ੇ ਤੋਂ ਵਕੀਲ ਕੋਵਿੰਦ ਆਲ ਇੰਡੀਆ ਕੋਲੀ ਸਮਾਜ ਦੇ ਪ੍ਰਧਾਨ ਵੀ ਰਹੇ ਹਨ। 1994 'ਚ ਯੂਪੀ ਤੋਂ ਪਹਿਲੀ ਵਾਰ ਰਾਜਸਭਾ ਸੰਸਦ ਚੁਣੇ ਗਏ। 2006 ਤੱਕ ਸੰਸਦ ਰਹੇ। ਕਈ ਸੰਸਦੀ ਕਮੇਟੀਆਂ ਦੇ ਚੇਅਰਮੈਨ ਵੀ ਰਹਿ ਚੁਕੇ ਹਨ। 

ਹੋਰ ਖਬਰਾਂ »