ਇਸਲਾਮਾਬਾਦ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਹਿੰਦੂ ਕੌਂਸਲ ਨੇ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਨ, ਜਬਰਦਸਤੀ ਧਰਮ ਪਰਿਵਰਤਨ ਅਤੇ ਜਬਰਦਸਤੀ ਵਿਆਹ ਕਰਵਾਏ ਜਾਣ ਵਿਰੁੱਧ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਕੌਂਸਲ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰਦੇ ਹੋਏ ਕੋਰਟ ਨੂੰ ਇਸ ਮਾਮਲੇ ਦਾ ਖੁਦ ਨੋਟਿਸ ਲੈਣ ਲਈ ਬੇਨਤੀ ਕੀਤੀ ਹੈ। ਦੱਸ ਦੇਈਏ ਕਿ ਸਿੰਧ ਸੂਬੇ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰਦਸਤੀ ਉਨ੍ਹਾਂ ਦਾ ਵਿਆਹ ਮੁਸਲਮਾਨਾਂ ਨਾਲ ਕਰਵਾਏ ਜਾਣ ਦੀਆਂ ਘਟਨਾਵਾਂ ਨਿੱਤ ਦਿਨ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਹੀ ਥਾਰਪਾਰਕਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਇੱਕ ਹਿੰਦੂ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ 16 ਸਾਲਾ ਧੀ ਰਾਵਿਤਾ ਮੇਘਵਾੜ ਨੂੰ ਅਗਵਾ ਕਰਕੇ ਪਹਿਲਾਂ ਉਸ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਫਿਰ ਉਸ ਦਾ ਵਿਆਹ ਦੁੱਗਣੀ ਉਮਰ ਦੇ ਇੱਕ ਮੁਸਲਿਮ ਵਿਅਕਤੀ ਨਾਲ ਕਰ ਦਿੱਤਾ ਗਿਆ। ਇਸ ਘਟਨਾ ਨੂੰ 15 ਦਿਨ ਤੋਂ ਵੱਧ ਹੋ ਚੁੱਕੇ ਹਨ, ਪਰ ਹੁਣ ਵੀ ਪੁਲਿਸ ਅਪਰਾਧੀਆਂ ਵਿਰੁੱਧ ਕਾਰਵਾਈ ਨਹੀਂ ਕਰ ਸਕੀ ਹੈ। ਪਾਕਿਸਤਾਨੀ ਮੀਡੀਆ ਨੇ ਵੀ ਇਸ ਕੇਸ ਨੂੰ ਵੱਧ-ਚੜ੍ਹ ਕੇ ਥਾਂ ਦਿੱਤੀ। ਐਤਵਾਰ ਨੂੰ ਹਿੰਦੂ ਕੌਂਸਲ ਨੇ ਇਸੇ ਮੁੱਦੇ 'ਤੇ ਚਰਚਾ ਕਰਨ ਲਈ ਇੱਕ ਬੈਠਕ ਬੁਲਾਈ। ਜਾਣਕਾਰੀ ਮੁਤਾਬਕ ਕੌਂਸਲ ਨੇ ਇੱਕ ਬਿਆਨਜਾਰੀ ਕਰਕੇ ਕਿਹਾ ਕਿ ਜਿਸ ਇਲਾਕੇ ਤੋਂ ਰਾਵਿਤਾ ਨੂੰ ਅਗਵਾ ਕੀਤਾ ਗਿਆ, ਉੱਥੇ ਹਾਲਾਤ ਕਾਫ਼ੀ ਗੰਭੀਰ ਬਣੇ ਹੋਏ ਹਨ। ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਵੰਕਵਾਨੀ ਨੇ ਰਾਵਿਤਾ ਨੂੰ ਆਜ਼ਾਦ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੱਭਿਆ ਸਮਾਜ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਸਮਾਜਿਕ ਅਪਰਾਧ ਮੰਨਿਆ ਜਾਵੇਗਾ, ਪਰ ਸਿੰਧ ਵਿੱਚ ਨਫਰ ਉਗਲਣ ਵਾਲੀਆਂ ਤਾਕਤਾਂ ਇਸ ਨੂੰ ਮਜਹਬ ਦੀ ਆੜ ਵਿੱਚ ਚੰਗੇ ਕੰਮ ਦੀ ਤਰ੍ਹਾਂ ਪੇਸ਼ ਕਰ ਰਹੀਆਂ ਹਨ।

ਹੋਰ ਖਬਰਾਂ »