ਬਗਦਾਦ, 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਇਰਾਕੀ ਫੌਜ ਨੇ ਮੋਸੁਲ ਸ਼ਹਿਰ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਚੰਗੁਲ ਵਿੱਚੋਂ ਆਜ਼ਾਦ ਕਰਵਾ ਲਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ-ਅਲ-ਅਬਦੀ ਨੇ ਮੋਸੁਲ 'ਤੇ ਫੌਜ ਦੇ ਕਬਜੇ ਦਾ ਐਲਾਨ ਕਰਦੇ ਹੋਏ ਆਪਣੇ ਫੌਜੀਆਂ ਨੂੰ ਜਿੱਤ ਦੀ ਵਧਾਈ ਦਿੱਤੀ। ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਇਰਾਕ ਦੇ ਇਸ ਪ੍ਰਾਚੀਨ ਅਤੇ ਮਹੱਤਵਪੂਰਨ ਸ਼ਹਿਰ 'ਤੇ ਆਈਐਸਆਈਐਸ ਦਾ ਕਬਜਾ ਸੀ। ਪਿਛਲੇ ਅੱਠ ਮਹੀਨੇ ਤੋਂ ਇਰਾਕੀ ਫੌਜ ਅਤੇ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਵਿਚਕਾਰ ਮੋਸੁਲ ਸ਼ਹਿਰ 'ਤੇ ਅਧਿਕਾਰ ਲਈ ਜੰਗ ਚੱਲ ਰਹੀ ਸੀ। ਫੌਜ ਅਤੇ ਆਈਐਸਆਈਐਸ ਦੇ ਵਿਚਕਾਰ ਜੰਗ ਕਾਰਨ ਮੋਸੁਲ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਅਤੇ ਹਜ਼ਾਰਾਂ ਬੇਕਸੂਰ ਨਾਗਰਿਕਾਂ ਦੀ ਮੌਤ ਹੋ ਗਈ। ਦਸ ਲੱਖ ਤੋਂ ਵੱਧ ਲੋਕ ਇੱਥੋਂ ਉਜੜ ਕੇ ਹੋਰਨਾਂ ਥਾਵਾਂ 'ਤੇ ਚਲੇ ਗਏ। ਇਰਾਕੀ ਫੌਜ ਦੇ ਕਮਾਂਡਰ ਇਨ ਚੀਫ਼ ਪ੍ਰਧਾਨ ਮੰਤਰੀ ਹੈਦਰ-ਅਲ-ਅਬਦੀ ਨੇ ਮੋਸੁਲ ਪਹੁੰਚ ਕੇ ਫੌਜੀਆਂ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਿੱਤ ਦੀ ਵਧਾਈ ਦਿੱਤੀ।  

ਹੋਰ ਖਬਰਾਂ »