ਵਾਸ਼ਿੰਗਟਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਚੋਣਾਂ ਵੇਲੇ ਰੂਸੀ ਗੰਢਤੁਪ ਨਾਲ ਅਪਣੀ ਚੋਣ ਮੁਹਿੰਮ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਵਾਈਟ ਹਾਊਸ ਸੱਦਣਗੇ, ਲੇਕਿਨ ਸਹੀ ਸਮਾਂ ਆਉਣ 'ਤੇ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਤਿਨ ਨੂੰ ਸੱਦਾ ਦੇਣ ਦੇ ਸਬੰਧ ਵਿਚ ਅਪਣੀ ਇੱਛਾ ਜ਼ਾਹਰ ਕੀਤੀ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦ ਅਮਰੀਕੀ ਮੀਡੀਆ ਦੀ ਰਿਪੋਰਟ ਤੋਂ ਬਾਅਦ ਇਸ ਕਾਂਡ ਦੀ ਆਂਚ ਉਨ੍ਹਾਂ ਦੇ ਵੱਡੇ ਬੇਟੇ ਤੱਕ ਪਹੁੰਚ ਗਈ। ਅਮਰੀਕੀ ਮੀਡੀਆ ਨੇ ਇਹ ਰਿਪੋਰਟ ਦਿੱਤੀ ਸੀ ਕਿ ਟਰੰਪ ਜੂਨੀਅਰ ਨੇ ਪਿਛਲੇ ਸਾਲ ਕਿਸੇ ਰੂਸੀ ਵਕੀਲ ਨਾਲ ਮੁਲਾਕਾਤ ਕੀਤੀ ਸੀ ਜਿਸ ਨੇ ਟਰੰਪ ਦੀ ਵਿਰੋਧੀ ਤੇ ਡੈਮੋਕਰੇਟ ਹਿਲੇਰੀ ਕਲਿੰਟਨ ਨੂੰ ਨੁਕਸਾਨ ਪਹੁੰਚਾਉਣ  ਵਾਲੀ ਸੂਚਨਾ ਉਪਲਬਧ ਕਰਾਉਣ ਦਾ ਵਾਅਦਾ ਕੀਤਾ ਸੀ। ਰਿਪੋਰਟ ਅਨੁਸਾਰ ਟਰੰਪ ਜੂਨੀਅਰ ਨੇ ਜੂਨ ਵਿਚ ਨਿਊਯਾਰਕ ਸਥਿਤ ਟਰੰਪ ਟਾਵਰ ਵਿਚ ਉਸ ਵਕੀਲ ਨਾਲ ਮੁਲਾਕਾਤ ਕੀਤੀ ਸੀ। ਇਸ ਹਫ਼ਤੇ ਉਨ੍ਹਾਂ ਨੇ ਬੈਠਕ ਦੇ ਬਾਰੇ ਵਿਚ ਕੁਝ ਈਮੇਲ ਜਾਰੀ ਕੀਤੇ ਸੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਈਮੇਲ ਜਾਰੀ ਕਰਨ ਵਿਚ ਪਾਰਦਰਸ਼ਤਾ ਨੂੰ ਲੈ ਕੇ ਜਨਤਕ ਤੌਰ 'ਤੇ ਅਪਣੇ ਬੇਟੇ ਦਾ ਬਚਾਅ ਕੀਤਾ ਸੀ।
ਟਰੰਪ ਨੇ 2016 ਚੋਣਾਂ ਨੂੰ  ਅਪਣੇ ਪੱਖ ਵਿਚ ਮੋੜਨ ਦੇ ਲਈ ਅਪਣੀ ਪ੍ਰਚਾਰ ਮੁਹਿੰਮ ਵਿਚ ਕਿਸੇ ਰੂਸੀ ਨਾਲ ਸੰਪਰਕ ਦੇ ਦੋਸ਼ਾਂ ਨੂੰ ਖਾਰਜ ਕੀਤਾ ਸੀ। ਲੇਕਿਨ  ਅਮਰੀਕੀ ਖੁਫੀਆ ਏਜੰਸੀਆਂ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹਨ। ਵਿਸ਼ੇਸ਼ ਜਹਾਜ਼ ਏਅਰ ਫੋਰਸ ਵਨ 'ਤੇ ਸਵਾਰ ਪੱਤਰਕਾਰਾਂ ਦੇ ਇਹ ਪੁੱਛੇ ਜਾਣ 'ਤੇ ਕਿ ਉਹ ਪੁਤਿਨ ਨੂੰ ਵਾਈਟ ਹਾਊਸ ਬੁਲਾਉਣਗੇ ਜਾਂ ਨਹੀਂ, ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਸਮਾ ਹੈ ਲੇਕਿਨ ਇਸ ਦਾ ਜਵਾਬ ਹਾਂ ਹੈ। 

ਹੋਰ ਖਬਰਾਂ »