ਵਾਸ਼ਿੰਗਟਨ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਪ੍ਰਮੁੱਖ ਆਈਟੀ ਕੰਪਨੀ ਟੈਕ ਮਹਿੰਦਰਾ ਨੇ ਇਸ ਸਾਲ ਅਮਰੀਕਾ ਵਿੱਚ 2200 ਲੋਕਾਂ ਨੂੰ ਰੁਜ਼ਗਾਰ ਦੇਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਵੀ ਉਸ ਨੇ ਇੱਥੇ ਇੰਨੇ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਸੀ। ਅਮਰੀਕੀ ਸਰਕਾਰ ਦੇ ਦੇਸ਼ ਵਿੱਚ ਰੁਜ਼ਗਾਰ ਵਧਾਉਣ ਦੇ ਸੱਦੇ ਮਗਰੋਂ ਭਾਰਤੀ ਕੰਪਨੀ ਨੇ ਇਸ ਦਾ ਐਲਾਨ ਕੀਤਾ ਹੈ। ਮੁੰਬਈ ਸਥਿਤ ਕੰਪਨੀ ਟੈਕ ਮਹਿੰਦਰਾ ਦੇ 6000 ਤੋਂ ਵੱਧ ਕਾਮੇ ਅਮਰੀਕਾ ਵਿੱਚ 400 ਤੋਂ ਵੱਧ ਗਾਹਕਾਂ ਲਈ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਸਾਲ 2014 ਵਿੱਚ ਰੁਜ਼ਗਾਰ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਇਸ ਮਾਮਲੇ ਵਿੱਚ ਫੇਲ੍ਹ ਸਾਬਤ ਹੋਏ ਹਨ, ਪਰ ਅਮਰੀਕੀ ਰਾਸ਼ਟਰਪਤੀ ਟਰੰਪ ਇਸ ਮਾਮਲੇ ਵਿੱਚ ਸਹੀ ਕਦਮ ਅੱਗੇ ਵਧਾ ਰਹੇ ਹਨ। ਟਰੰਪ ਨੇ ਰਾਸ਼ਟਰਪਤੀ ਬਣਨ ਬਾਅਦ ਅਮਰੀਕਾ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਸ਼ਰਤ ਰੱਖੀ ਸੀ। ਇਸ ਤੋਂ ਬਾਅਦ ਭਾਰਤੀ  ਆਈਟੀ ਕੰਪਨੀ ਇੰਫੋਸਿਸ ਨੇ ਸਭ ਤੋਂ ਪਹਿਲਾਂ ਅਮਰੀਕਾ ਵਿੱਚ 10 ਹਜ਼ਾਰ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਸੀ। ਹੁਣ ਆਈਟੀ ਕੰਪਨੀ ਮਹਿੰਦਰਾ ਟੈਕ ਨੇ ਇਸ ਦਿਸ਼ਾ ਵਿੱਚ ਕਦਮ ਪੁੱਟਿਆ ਹੈ।
ਮੌਜੂਦਾ ਸਮੇਂ ਵਿੱਚ ਟੈਕ ਮਹਿੰਦਰਾ ਲਈ ਅਮਰੀਕਾ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ। ਇਹ ਕੰਪਨੀ ਅਮਰੀਕਾ ਵਿੱਚ 28 ਸ਼ਹਿਰਾਂ ਵਿੱਚ ਸੇਵਾਵਾਂ ਦੇ ਰਹੀ ਹੈ। ਨਾਲ ਹੀ ਕੰਪਨੀ ਨੇ ਅਮਰੀਕਾ ਵਿੱਚ 16 ਡਿਵੈਲਪਮੈਂਟ ਸੈਂਟਰ ਵੀ ਬਣਾਏ ਹਨ। ਜੋ ਗ੍ਰਾਮੀਣ ਅਤੇ ਸ਼ਹਿਰੀ ਕੇਂਦਰਾਂ ਵਿੱਚ ਫੈਲੇ ਹੋਏ ਹਨ। ਕੰਪਨੀ ਦੇ ਵਿਸ਼ਵ ਪੱਧਰ 'ਤੇ 1.17 ਲੱਖ ਕਰਮਚਾਰੀ ਹਨ।
ਟੈਕ ਮਹਿੰਦਰਾ ਦੇ ਪ੍ਰਧਾਨ (ਸਟ੍ਰੈਟੇਜਿਕ ਵਰਟੀਕਲਸ) ਲਕਸ਼ਮਣਨ ਚਿਦੰਬਰਮ ਨੇ ਦੱਸਿਆ ਕਿ ਬੀਤੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਕੰਪਨੀ ਦੀ ਲਗਭਗ 2200 ਲੋਕਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਹੈ। ਅਮਰੀਕਾ ਵਿੱਚ ਭਰਤੀ ਦੀ ਰਫ਼ਤਾਰ ਵਧਾਉਣ ਦੇ ਕਾਰਨਾਂ ਸਬੰਧੀ ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਦਾ ਸੁਨੇਹਾ ਬਹੁਤ ਸਪੱਸ਼ਟ ਹੈ। ਉਹ ਸਾਨੂੰ ਇੱਥੇ ਰੁਜ਼ਗਾਰ ਦੇ ਸਬੰਧ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਦੇਖਣਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਭਾਰਤੀ ਆਈਟੀ ਕੰਪਨੀਆਂ ਇਨ੍ਹਾਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀਆਂ ਹਨ। ਅਮਰੀਕਾ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਿਹੇ ਦੇਸ਼ਾਂ ਵਿੱਚ ਵਰਕ ਪਰਮਿਟ ਦੀ ਵਿਵਸਥਾ ਸਖ਼ਤ ਹੋ ਗਈ ਹੈ। ਭਾਰਤ ਵਿੱਚ ਟੈਕ ਮਹਿੰਦਰਾ ਸਮੇਤ ਵੱਖ-ਵੱਖ ਕੰਪਨੀਆਂ ਵੱਲੋਂ ਵੱਡੀ ਪੱਧਰ 'ਤੇ ਛਾਂਟੀ ਦੀਆਂ ਰਿਪੋਰਟਾਂ ਕਾਰਨ ਕਰਮਚਾਰੀ ਚਿੰਤਤ ਹਨ। ਇਹ ਹੋਰ ਗੱਲ ਹੈ ਕਿ ਇੰਡਸਟਰੀ ਇਸ ਤਰ੍ਹਾਂ ਦੇ ਕਦਮਾਂ ਤੋਂ ਇਨਕਾਰ ਕਰਦੀ ਰਹੀ ਹੈ।

ਹੋਰ ਖਬਰਾਂ »