ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਗਟਾਈ ਉਮੀਦ

ਨਵੀਂ ਦਿੱਲੀ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਮੋਸੁਲ ਵਿੱਚ ਲਾਪਤਾ ਹੋਏ ਪੰਜਾਬੀਆਂ ਸਮੇਤ 39 ਭਾਰਤੀਆਂ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਲਾਪਤਾ ਭਾਰਤੀ ਨਾਗਰਿਕ ਸ਼ਾਇਦ ਇਰਾਕ ਦੀ ਇੱਕ ਜੇਲ੍ਹ ਵਿੱਚ ਬੰਦ ਹਨ। ਸੁਸ਼ਮਾ ਨੇ ਕਿਹਾ ਕਿ ਸੂਤਰਾਂ ਨੇ ਮੋਸੁਲ ਦੇ ਨੇੜੇ ਬਾਦੁਸ਼ ਪਿੰਡ ਦੀ ਜੇਲ੍ਹ ਵਿੱਚ ਇਨ੍ਹਾਂ ਭਾਰਤੀਆਂ ਦੇ ਬੰਦ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਬਾਦੁਸ਼ ਮੋਸੁਲ ਦੇ ਉਤਰ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਪਿੰਡ ਹੈ। ਕਿਉਂਕਿ ਅਜੇ ਉੱਥੇ ਲੜਾਈ ਜਾਰੀ ਹੈ, ਇਸ ਲਈ ਜੰਗ ਦੇ ਖ਼ਤਮ ਹੋਣ 'ਤੇ ਹੀ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਜਾ ਸਕੇਗੀ। ਸੁਸ਼ਮਾ ਨੇ ਐਤਵਾਰ ਨੂੰ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅਤੇ ਐਮ ਜੇ ਅਕਬਰ ਦੇ ਨਾਲ ਸਾਰੇ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਹ ਸਾਰੇ ਲੋਕ 2014 ਤੋਂ ਹੀ ਇਰਾਕ ਵਿੱਚ ਲਾਪਤਾ ਹਨ। ਸੁਸ਼ਮਾ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਸਰਕਾਰ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਭਾਰਤੀਆਂ ਨੂੰ 2014 ਤੋਂ ਮੋਸੁਲ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਵਾਸੀ ਹਨ। ਦੱਸ ਦੇਈਏ ਕਿ 2014 ਵਿੱਚ ਹੀ ਇਰਾਕੀ ਫੌਜ ਨੂੰ ਹਰਾਉਣ ਬਾਅਦ ਆਈਐਸਆਈਐਸ ਨੇ ਮੋਸੁਲ 'ਤੇ ਕਬਜਾ ਕਰ ਲਿਆ ਸੀ। ਮੋਸੁਲ ਵਿੱਚ ਮਿਲੀ ਜਿੱਤ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦਾ ਕਾਫ਼ੀ ਵਿਸਥਾਰ ਹੋਇਆ।  

ਹੋਰ ਖਬਰਾਂ »