ਕੈਲੀਫੋਰਨੀਆ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਸ਼ਹਿਰ ਵਿੱਚ ਅਦਾਲਤ ਨੇ ਇੱਕ ਵਿਅਕਤੀ ਨੂੰ 18 ਬਿੱਲੀਆਂ ਦੇ ਕਤਲ ਦੇ ਦੋਸ਼ ਵਿੱਚ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।  26 ਸਾਲਾ ਰਾਬਰਟ ਫਾਰਮਰ ਨੇ ਸੈਂਟਾ ਕਲਾਰਾ ਦੀ ਸੁਪੀਰੀਅਰ ਕੋਰਟ ਵਿੱਚ ਕਬੂਲ ਕੀਤਾ ਕਿ ਉਸ ਨੇ ਪਹਿਲਾਂ 18 ਬਿੱਲੀਆਂ ਚੋਰੀ ਕੀਤੀਆਂ, ਫਿਰ ਉਨ੍ਹਾਂ 'ਤੇ ਤਸ਼ੱਦਦ ਢਾਹੁਣ ਮਗਰੋਂ ਆਖਰ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ। ਕੋਰਟ ਦੇ ਜੱਜ ਨੇ ਮਾਮਲੇ ਦੀ ਸੁਣਵਾਈ ਦੌਰਾਨ ਮਾਰੀਆਂ ਗਈਆਂ ਬਿੱਲੀਆਂ ਦੇ ਨਾਂ ਵੀ ਪੜ੍ਹ ਕੇ ਸੁਣਾਏ। ਮਾਹਰਾਂ ਦਾ ਕਹਿਣਾ ਹੈ ਕਿ ਇੱਕ ਬਿਲੀ ਦੇ ਨਾਲ ਸਰੀਰਕ ਸ਼ੋਸ਼ਣ ਦੇ ਸਬੂਤ ਵੀ ਮਿਲੇ ਹਨ। ਰਾਬਰਟ ਨੇ ਇਹ ਕਬੂਲ ਕੀਤਾ ਕਿ ਇਹ ਅਪਰਾਧ ਉਸ ਨੇ ਸਾਲ 2015 ਵਿੱਚ ਸੈਨ ਜੋਸ ਸ਼ਹਿਰ ਵਿੱਚ ਕੀਤਾ ਸੀ। ਇਹ ਬਿੱਲੀਆਂ 2015 ਦੇ ਪਤਝੜ ਦੇ ਮੌਸਮ ਵਿੱਚ ਸੈਨ ਜੋਸ਼ ਸ਼ਹਿਰ ਦੇ ਕੈਂਬ੍ਰਿਅਨ ਪਾਰਕ ਇਲਾਕੇ ਤੋਂ ਗੁੰਮ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਮ੍ਰਿਤਕ ਮਿਲੀਆਂ ਅਤੇ ਕੁਝ ਕੂੜੇਦਾਨਾਂ ਵਿੱਚੋਂ ਮਿਲੀਆਂ। ਸਾਂਤਾ ਕਲਾਰਾ ਕਾਊਂਟੀ ਦੇ ਡਿਪਟੀ ਡਿਸਟ੍ਰਿਕਟ ਅਟਾਰਨੀ ਅਲੈਕਜੈਂਡਰਾ ਐਲਿਸ ਨੇ ਰਾਬਰਟ ਫਾਰਮਰ ਵੱਲੋਂ ਪੇਸ਼ ਕੀਤੀ ਗਈ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ।
ਇਸ ਤੋਂ ਇਲਾਵਾ ਸਜ਼ਾ ਖਤਮ ਹੋਣ ਬਾਅਦ ਰਾਬਰਟ ਫਾਰਮਰ 'ਤੇ ਕੋਈ ਪਾਲਤੂ ਜਾਨਵਰ ਰੱਖਣ ਜਾਂ ਦੇਖਭਾਲ ਕਰਨ ਸਬੰਧੀ ਵੀ 10 ਸਾਲ ਤੱਕ ਲਈ ਪਾਬੰਦੀ ਲਗਾਈ ਹੈ। ਉਸ ਨੂੰ ਕੈਂਬ੍ਰਿਅਨ ਪਾਰਕ ਖੇਤਰ ਤੋਂ ਦੂਰ ਰਹਿਣ ਦਾ ਵੀ ਹੁਕਮ ਦਿੱਤਾ ਗਿਆ ਹੈ।

ਹੋਰ ਖਬਰਾਂ »