ਫਗਵਾੜਾ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਐਨਆਰਆਈਜ਼ ਪੰਜਾਬ ਦੀ ਇਕੌਨਮੀ ਲਈ ਵਰਦਾਨ ਸਾਬਤ ਹੁੰਦੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਲੇਕਿਨ ਵਿਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਅਪਣੇ ਇਲਾਕਿਆਂ ਦੇ ਲਈ ਕਿੰਨਾ ਪਿਆਰ ਕਰਦੇ ਹਨ । ਇਸ ਗੱਲ ਦਾ ਅੰਦਾਜ਼ਾ ਖ਼ਾਸ ਤੌਰ 'ਤੇ ਦੋਆਬਾ ਦੇ ਪਿੰਡਾਂ ਵਿਚ ਜਾ ਕੇ ਐਨਆਰਆਈਜ਼ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵਾ ਦੇ ਕੰਮਾਂ ਤੋਂ ਲਗਾਇਆ ਜਾ ਸਕਦਾ ਹੈ।
ਵਰਲਡ ਵਾਈਡ ਸਕੋਪ ਯੂਕੇ ਅਜਿਹੀ  ਹੀ ਸੰਸਥਾ ਹੈ ਜੋ ਇੰਗਲੈਂਡ  ਤੋਂ ਇਲਾਵਾ ਫਗਵਾੜਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਨਾਲ ਨਾਲ ਜ਼ਿਲ੍ਹਾ ਜਲੰਧਰ ਦੇ ਵੀ ਕਈ ਪਿੰਡਾਂ ਵਿਚ ਪ੍ਰੋਜੈਕਟਾਂ ਰਾਹੀਂ ਲੋਕਾਂ ਦੀ ਮਦਦ ਵਿਚ ਅਹਿਮ ਯੋਗਦਾਨ ਦੇ ਰਹੀ ਹੈ। ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ ਕਰੀਬ 25 ਹਜ਼ਾਰ ਲੋਕਾਂ ਦੀ ਅੱਖਾਂ ਦਾ ਚੈਕਅਪ ਕਰਵਾਇਆ ਜਾ ਚੁੱਕਾ ਹੈ। ਕਰੀਬ 2762 ਲੋਕਾਂ ਦੀ ਅੱਖਾਂ ਦੇ ਸਫਲ ਅਪਰੇਸ਼ਨ ਵੀ ਕਰਵਾਏ ਜਾ ਚੁੱਕੇ ਹਨ। ਸੰਸਥਾ ਵਲੋਂ 506  ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਜਦ ਕਿ 103 ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾ ਚੁੱਕੇ ਹਨ। ਸੰਸਥਾ ਵਲੋਂ ਲਗਾਤਾਰ ਤਿੰਨ ਸਾਲਾਂ ਤੋਂ 'ਧੀਆਂ ਦੀ ਲੋਹੜੀ' ਨਾਂ ਦੇ ਪ੍ਰੋਜੈਕਟ ਦੇ ਤਹਿਤ ਪਹਿਲੇ ਸਾਲ 111, ਦੂਜੇ ਸਾਲ 333 ਅਤੇ ਤੀਜੇ ਸਾਲ ਯਾਨੀ ਕਿ 2017 ਵਿਚ 521 ਧੀਆਂ ਦੀ ਲੋਹੜੀ 'ਚ ਯੋਗਦਾਨ ਪਾਇਆ ਗਿਆ। ਇਸ ਵਿਚ ਧੀਆਂ ਦੇ ਕੱਪੜੇ, ਸ਼ਗਨ ਅਤੇ ਹੋਰ ਸਮਾਨ ਤਾਂ ਦਿੱਤਾ ਗਿਆ ਨਾਲ ਹੀ ਗਾਇਕ ਮਨਮੋਹਨ ਵਾਰਸ, ਨਛੱਤਰ ਗਿੱਲ ਜਿਹੇ ਵੱਡੇ ਕਲਾਕਾਰ ਬੁਲਾ ਕੇ ਸਟੇਜ ਵੀ ਸਜਾਈ ਗਈ ਸੀ।
ਹਰ ਮਹੀਨੇ ਸੰਸਥਾ ਵਲੋਂ 51 ਜ਼ਰੂਰਤਮੰਦ ਪਰਿਵਾਰਾਂ ਨੂੰ ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ। ਇਕ ਗਰੀਬ ਪਰਿਵਾਰ ਦੀ ਧੀ ਦੇ ਇਲਾਜ ਲਈ ਹਾਲ ਹੀ ਵਿਚ ਸੰਸਥਾ ਨੇ ਢਾਈ ਲੱਖ ਰੁਪਏ ਖ਼ਰਚ ਕੀਤੇ। ਸਰਕਾਰੀ ਸਕੂਲਾਂ ਦੇ ਸੈਂਕੜਿਆਂ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ, ਸਟੇਸ਼ਨਟਰੀ ਦੇ ਨਾਲ ਹੀ ਉਨ੍ਹਾਂ ਦੀ ਫ਼ੀਸ ਦੇਣ ਦਾ ਕੰਮ ਵੀ ਕਰ ਰਹੀ ਹੈ। ਹਰ ਹਫ਼ਤੇ ਪਿੰਡ ਭਾਣੋਕੀ ਅਤੇ ਪਿੰਡ ਘੁੜਕਾ ਵਿਚ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।

ਹੋਰ ਖਬਰਾਂ »