ਮੋਗਾ, 1 ਅਗਸਤ (ਹਮਦਰਦ ਨਿਊਜ਼ ਸਰਵਿਸ) : ਮੋਗਾ ਪੁਲਿਸ ਨੇ ਨਾਬਾਲਗ਼ ਕੁੜੀ ਨੂੰ ਅਗਵਾ ਕਰਨ ਦੇ ਦੋਸ਼ਾਂ 'ਚ ਸਥਾਨਕ ਅਕਾਲੀ ਨੇਤਾ ਦੇ ਪੁੱਤਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਮੋਗਾ-2 ਬਲਾਕ ਕਮੇਟੀ ਦੇ ਚੇਅਰਮੈਨ ਅਕਾਲੀ ਨੇਤਾ ਮੱਲ ਸਿੰਘ ਦੇ ਪੁੱਤਰ ਸਾਧੂ ਸਿੰਘ ਨੇ ਪਿਛਲੇ ਹਫ਼ਤੇ ਕਥਿਤ ਤੌਰ 'ਤੇ ਘੱਲ ਕਲਾਂ ਪਿੰਡ ਦੇ ਇਕ ਘਰ ਦੀ ਕੰਧ ਟੱਪ ਕੇ ਨਾਬਾਲਗ ਕੁੜੀ ਨੂੰ ਅਗਵਾ ਕਰ ਲਿਆ। ਕੁੜੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਸਾਰਾ ਪਰਿਵਾਰ ਰਾਤ ਨੂੰ ਸੌਂਅ ਰਿਹਾ ਸੀ ਪਰ ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਕੁੜੀ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੂੰ ਕੁੜੀ ਦੀ ਰਿਸ਼ਤੇਦਾਰਾਂ ਦੇ ਘਰ, ਪਿੰਡ 'ਚ ਤੇ ਹੋਰ ਥਾਂਵਾਂ 'ਤੇ ਭਾਲ ਕੀਤੀ ਪਰ ਕੁੜੀ ਕਿਤੇ ਨਹੀਂ ਮਿਲੀ। ਉਨ•ਾਂ ਦੱਸਿਆ ਕਿ ਕੁੱਝ ਦਿਨ ਬਾਅਦ ਪਰਿਵਾਰ ਨੂੰ ਪਤਾ ਚੱਲਿਆ ਕਿ ਕੁੜੀ ਨੂੰ ਸਾਧੂ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਅਗਵਾ ਕੀਤਾ ਗਿਆ ਹੈ। ਇਸ ਮਗਰੋਂ ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਸਾਧੂ ਸਿੰਘ ਵੱਲੋਂ ਕੁੜੀ ਨੂੰ ਅਗਵਾ ਕੀਤਾ ਗਿਆ ਸੀ। ਪੁਲਿਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਸਾਧੂ ਸਿੰਘ ਵਿਆਹਿਆ ਹੋਇਆ ਸੀ ਪਰ ਕਿਸੇ ਝਗੜੇ ਕਾਰਨ ਉਸ ਦਾ ਤਲਾਕ ਹੋ ਗਿਆ ਸੀ। ਹੁਣ ਸਾਧੂ ਸਿੰਘ ਅਗਵਾ ਕੀਤੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਕੁੜੀ ਨਾਬਾਲਗ਼ ਹੈ ਤੇ ਪਰਿਵਾਰ ਇਸ ਵਿਆਹ ਦੇ ਵਿਰੁੱਧ ਹੈ। ਪੁਲਿਸ ਨੇ ਸਾਧੂ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 363 ਅਤੇ 366 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਫੜਨ ਅਤੇ ਕੁੜੀ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »

ਕੈਨੇਡਾ