ਸ਼ਿਕਾਗੋ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਏਅਰ ਸੇਫ਼ਟੀ ਰੈਗੁਲੇਟਰ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਸੀਟ ਬੈਲਟਾਂ 'ਤੇ ਜ਼ਰੂਰੀ ਟੈਗ ਨਾ ਲੱਗਿਆ ਹੋਣ ਕਾਰਨ ਅੱਠ ਘੰਟੇ ਰੋਕ ਕੇ ਰੱਖਿਆ। ਇਸ ਜਹਾਜ਼ ਨੂੰ ਸ਼ਿਕਾਗੋ ਤੋਂ ਦਿੱਲੀ ਦੀ ਉਡਾਣ ਭਰਨੀ ਸੀ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਹੈ। ਏਅਰ ਇੰਡੀਆ ਦਾ ਬੋਇੰਗ-777 (ਵੀਟੀ-ਏਐਲਕੇ) ਜਿਵੇਂ ਹੀ ਸ਼ਿਕਾਗੋ ਤੋਂ ਨਵੀਂ ਦਿੱਲੀ ਲਈ ਉਡਾਣ ਭਰਨ ਵਾਲਾ ਸੀ ਤਾਂ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ (ਐਫਏਏ) ਨੇ ਸੀਟ ਬੈਲਟਾਂ 'ਤੇ ਜ਼ਰੂਰੀ ਟੈਗ ਨਾ ਹੋਣ ਕਾਰਨ ਇਸ ਨੂੰ ਰੋਕ ਲਿਆ। ਭਾਵੇਂ ਇਹ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਸੀ, ਪਰ ਐਫਏਏ ਨੇ ਜਹਾਜ਼ ਨੂੰ ਉਡਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ਏਅਰ ਇੰਡੀਆ ਦਾ ਦੂਜਾ ਜਹਾਜ਼ ਬੀ-777, ਜੋ ਕਿ ਨਿਊਯਾਰਕ ਦੇ ਜੋਨ ਐਫ ਕੈਨੇਡੀ ਏਅਰਪੋਰਟ 'ਤੇ ਖੜ੍ਹਾ ਸੀ, ਤੋਂ ਸੀਟ ਬੈਲਟਾਂ ਮੰਗਵਾਈਆਂ ਗਈਆਂ। ਉਸ ਤੋਂ ਬਾਅਦ ਸ਼ਿਕਾਗੋ ਦੇ ਓ ਹਾਰੇ ਕੌਮਾਂਤਰੀ ਹਵਾਈ ਅੱਡੇ 'ਤੇ ਖੜ੍ਹੇ ਜਹਾਜ਼ ਵਿੱਚ ਸਾਰੀਆਂ ਸੀਟ ਬੈਲਟਾਂ ਬਦਲੀਆਂ ਗਈਆਂ। ਇਸ ਮਗਰੋਂ ਹੀ 342 ਸੀਟਰ ਇਸ ਜਹਾਜ਼ ਨੂੰ ਉਡਣ ਦੀ ਇਜਾਜ਼ਤ ਦਿੱਤੀ ਗਈ। ਇਸ ਕਾਰਨ ਇਸ ਜਹਾਜ਼ ਵਿੱਚ ਬੈਠੇ ਸਾਰੇ ਯਾਤਰੀਆਂ ਨੂੰ ਲਗਭਗ ਅੱਠ ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਘਟਨਾ ਕਾਰਨ ਏਅਰ ਇੰਡੀਆ ਨਾਰਾਜ਼ ਹੈ। ਭਾਰਤ ਵਿੱਚ ਬੈਠੇ ਸਰਕਾਰੀ ਅਧਿਕਾਰੀਆਂ ਦੇ ਗ਼ੈਰ-ਜ਼ਿੰਮੇਦਾਰਾਨਾ ਰਵੱਈਏ ਅਤੇ ਆਲਸਪੁਰਨ ਵਿਹਾਰ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਸੀਟ ਬੈਲਟਾਂ ਬਿਲਕੁਲ ਠੀਕ ਸਨ, ਸਿਰਫ਼ ਕੁਝ ਸੀਟ ਬੈਲਟਾਂ ਵਿੱਚ ਜ਼ਰੂਰੀ ਟੈਗ ਉਖੜ ਗਏ ਸਨ। ਇਹ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੀ ਗਈ ਅਵਿਵਹਾਰਕ ਕਾਰਵਾਈ ਹੈ। ਅਸੀਂ ਇਸ ਸਬੰਧੀ ਜ਼ਰੂਰੀ ਕਦਮ ਚੁੱਕਾਂਗੇ ਤਾਂ ਜ਼ੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ। ਸਾਰੀਆਂ ਬੈਲਟਾਂ ਨਵੀਆਂ ਲਾਉਣ ਸਬੰਧੀ ਦੇ ਆਰਡਰ ਦਿੱਤੇ ਜਾ ਚੁੱਕੇ ਹਨ।

ਹੋਰ ਖਬਰਾਂ »