ਰਾਂਚੀ : 10 ਅਗਸਤ : (ਹਮਦਰਦ ਨਿਊਜ਼ ਸਰਵਿਸ) : ਬਿਹਾਰ ਦੀ ਸੱਤਾ ਪਰਿਵਰਤਨ ਤੋਂ ਬਾਅਦ ਹੁਣ ਤੱਕ ਗੱਠਜੋੜ 'ਚ ਰਹੀਆਂ ਦੋਵੇਂ ਪਾਰਟੀਆਂ ਅੰਦਰ ਨਰਾਜ਼ਗੀ ਜਾਰੀ ਹੈ। ਦੋਵੇਂ ਹੀ ਧਿਰਾਂ ਦੇ ਇੱਕ ਦੂਜੇ 'ਤੇ ਹਮਲੇ ਜਾਰੀ ਹਨ। ਹੁਣ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਨਿਤਿਸ਼ ਕੁਮਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖ਼ੁਦ ਹੀ ਲਾਲਚੀ ਹਨ, ਉਹ ਸਾਨੂੰ ਕੀ ਸਬਕ ਸਿਖਾਉਣਗੇ ਕੀ ਲਾਲਚ ਨਾ ਕਰੋ। ਚਾਰਾ ਘੁਟਾਲੇ ਮਾਮਲੇ ਵਿੱਚ ਸੀਬੀਆਈ ਅਦਾਲਤ 'ਚ ਪੇਸ਼ ਹੋਣ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨਾਂ ਇਹ ਦੋਸ਼ ਲਗਾਇਆ। ਉਨਾਂ ਕਿਹਾ ਕਿ ਭਾਗਲਪੁਰ ਜ਼ਮੀਨੀ ਘੁਟਾਲੇ 'ਚ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੋਵੇਂ ਹੀ ਸ਼ਾਮਲ ਹਨ। ਉਨਾਂ ਕਿਹਾ ਕਿ ਪਹਿਲਾਂ ਨਿਤਿਸ਼ ਕੁਮਾਰ ਆਪਣਾ ਮੋਹ ਛੱਡਣ ਅਤੇ ਉਸ ਤੋਂ ਬਾਅਦ ਮੋਹ ਛੱਡਣ ਨੂੰ ਕਹਿਣ ਤਾਂ ਬਿਹਤਰ ਹੋਵੇਗਾ। ਮੀਡੀਆ ਨੇ ਉਨਾਂ ਤੋਂ ਪੁੱਛਿਆ ਸੀ ਕਿ ਨਿਤਿਸ਼ ਦੇ ਉਸ ਬਿਆਨ ਬਾਰੇ ਉਨਾਂ ਦਾ ਕੀ ਕਹਿਣਾ ਹੈ, ਜਿਸ 'ਚ ਉਨਾਂ ਨੇ ਲਾਲੂ ਪ੍ਰਸਾਦ ਨੂੰ ਸੱਤਾ ਤੋਂ ਮੋਹ ਛੱਡਣ ਨੂੰ ਕਿਹਾ ਸੀ। ਲਾਲੂ ਨੇ ਕਿਹਾ ਕਿ ਬੁੱਧਵਾਰ ਨੂੰ ਭਾਗਲਪੁਰ 'ਚ ਉਜਾਗਰ ਹੋਏ ਜ਼ਮੀਨ ਘੁਟਾਲੇ ਲਈ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਜ਼ਿੰਮੇਵਾਰ ਹਨ। ਉਨਾਂ ਕਿਹਾ ਕਿ ਇਸ ਘੁਟਾਲੇ 'ਚ ਨਿਤਿਸ਼ ਕੁਮਾਰ ਵੀ ਸ਼ਾਮਲ ਹਨ। ਉਨਾਂ ਕਿਹਾ ਕਿ ਜਦੋਂ ਮਾਮਲਾ ਲੀਕ ਹੋ ਗਿਆ ਤਾਂ ਜਾਂਚ ਦਾ ਨਾਟਕ ਕੀਤਾ ਗਿਆ। ਰਾਸ਼ਟਰੀ ਜਨਤਾ ਦਲ ਆਗੂ ਕੇਦਾਰ ਰਾਏ ਦੀ ਮੌਤ ਸਬੰਧੀ ਉਨਾਂ ਕਿਹਾ ਕਿ ਬਿਹਾਰ 'ਚ ਲੱਭ ਲੱਭ ਕੇ ਰਾਜਦ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ।

ਹੋਰ ਖਬਰਾਂ »