ਦੁਬਈ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਪਰਵਾਸੀਆਂ ਦੇ ਅੰਤਰਰਾਸ਼ਟਰੀ ਸੰਗਠਨ ਨੇ ਕਿਹਾ ਹੈ ਕਿ ਯਮਨ ਜਾਣ ਵਾਲੀ Îਇਕ ਕਿਸ਼ਤੀ 'ਤੇ ਸਵਾਰ 180 ਅਫ਼ਰੀਕੀ ਪਰਵਾਸੀਆਂ ਵਿਚੋਂ ਘੱਟ ਤੋਂ ਘੱਟ  ਪੰਜ ਲੋਕ ਡੁੱਬ ਗਏ ਅਤੇ 50 ਹੋਰ ਲਾਪਤਾ ਹੋ ਗਏ ਹਨ। ਤਸਕਰਾਂ ਨੇ ਇਨ੍ਹਾਂ ਲੋਕਾਂ ਨੂੰ ਕਿਸ਼ਤੀ ਛੱਡਣ ਲਈ ਮਜਬੂਰ ਕੀਤਾ। ਇਕ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇਕ ਘਟਨਾ ਵਿਚ 50 ਲੋਕ ਮਾਰੇ ਗਏ ਸੀ।
ਪਰਵਾਸੀ ਮਾਮਲਿਆਂ 'ਤੇ ਸੰਯੁਕਤ ਰਾਸ਼ਟਰ ਦੀ ਏਜੰਸੀ ਆਈਓਐਮ ਨੇ ਕਿਹਾ ਕਿ ਲਾਲ ਸਾਗਰ ਵਿਚ ਯਮਨ ਦੇ ਬੀਚ 'ਤੇ 25 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਪੀੜਤਾਂ ਦੀ ਨਾਗਰਿਕਤਾ ਨਹੀਂ ਦੱਸ ਸਕੇ। ਗੌਰਤਲਬ ਹੈ ਕਿ ਬੁਧਵਾਰ ਨੂੰ ਤਸਕਰਾਂ ਨੇ ਸਥਾਨਕ ਅਧਿਕਾਰੀਆਂ ਦੁਆਰਾ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ 120 ਤੋਂ ਜ਼ਿਆਦਾ ਸੋਮਾਲੀ ਅਤੇ ਇਥੋਪੀਆਈ ਪਰਵਾਸੀਆਂ ਨੂੰ ਯਮਨ ਦੇ ਡੂੰਘੇ ਸਮੁੰਦਰ ਵਿਚ ਕਿਸ਼ਤੀ ਛੱਡਣ ਲਈ ਮਜਬੂਰ ਕੀਤਾ ਸੀ। ਇਸ ਘਟਨਾ ਵਿਚ ਘੱਟ ਤੋਂ ਘੱਟ 50 ਲੋਕ ਮਾਰੇ ਗਏ ਸੀ ਅਤੇ 22 ਹੋਰ ਲਾਪਤਾ ਹੋ ਗਏ ਸੀ।
ਆਈਓਐਮ ਦੀ ਟੀਮਾਂ ਨੂੰ ਦੱਖਣੀ ਯਮਨ ਦੇ ਸ਼ਾਬਵਾ ਸੂਬੇ ਦੇ ਕੋਲ ਸਮੁੰਦਰ ਤਟ 'ਤੇ 29 ਪਰਵਾਸੀਆਂ ਦੀ ਲਾਸ਼ ਮਿਲੀਆਂ। ਘਟਨਾ ਵਿਚ ਜਿਊਂਦੇ ਬਚੇ ਲੋਕਾਂ ਨੇ ਉਨ੍ਹਾਂ ਦਫਨਾਇਆ। ਪਰਵਾਸੀਆਂ ਦੀ ਔਸਤ ਉਮਰ 16 ਸਾਲ ਹੈ। ਯਮਨ ਵਿਚ ਮਾਰਚ 2015 ਤੋਂ ਇਸ ਦੀ ਸਾਊਦੀ ਹਮਾਇਤੀ ਸਰਕਾਰ ਅਤੇ ਈਰਾਨ ਹਮਾਇਤੀ ਸ਼ੀਆ ਹੂਤੀ ਵਿਦਰੋਹੀਆਂ ਦੇ ਵਿਚ ਚਲ ਰਹੇ ਯੂੱਧ ਦੇ ਵਿਚ ਹੈਜ਼ਾ ਅਤੇ ਅਕਾਲ ਦੇ ਚਲਦਿਆਂ ਕਰੀਬ 10,300 ਲੋਕਾਂ ਦੀ  ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਘਰ ਬਾਰ ਛੱਡਣ ਲਈ ਮਜਬੂਰ ਹੋਏ ਹਨ। ਆਈਓਐਮ ਦਾ ਅਨੁਮਾਨ ਹੈ ਕਿ ਕਰੀਬ 55 ਹਜ਼ਾਰ ਪਰਵਾਸੀਆਂ ਨੇ 2017 ਦੀ ਸ਼ੁਰੂਆਤ ਤੋਂ ਯਮਨ ਦਾ ਰੁਖ ਕੀਤਾ ਹੈ।

ਹੋਰ ਖਬਰਾਂ »