ਥਾਈਲੈਂਡ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਥਾਈਲੈਂਡ ਦੀ ਕਿਮਲਾਨ ਜਿਨਾਕੁਲ ਨੇ 91 ਸਾਲ ਦੀ ਉਮਰ ਵਿਚ ਗਰੈਜੂਏਟ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਨ੍ਹਾਂ ਦੀ ਇਸ ਸਫਲਤਾ ਦੇ ਪਿੱਛੇ ਲੁਕੀ ਹੈ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਅਟੁੱਟ ਇਰਾਦਾ।
ਕਿਮਲਾਨ ਜਿਨਾਕੁਲ ਨੂੰ ਉਨ੍ਹਾਂ ਦੀ ਮੁਢਲੀ ਪੜ੍ਹਾਈ ਦੇ ਦਿਨਾਂ ਵਿਚ ਹੀ ਇਕ ਹੋਣਹਾਰ ਵਿਦਿਆਰਥਣ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਉਨ੍ਹਾਂ ਦੀ ਪੜ੍ਹਾਈ ਵੀ ਉਤਰੀ ਥਾਈਲੈਂਡ ਦੇ ਲੈਂਪੇਂਗ ਸੂਬੇ ਦੇ ਸਭ ਤੋਂ ਚੰਗੇ ਸਕੂਲ ਵਿਚ ਹੋਈ। ਲੇਕਿਨ ਉਹ ਅੱਗੇ ਦੀ ਪੜ੍ਹਾਈ ਦੇ ਲਈ ਯੂਨੀਵਰਸਿਟੀ ਨਹੀਂ ਜਾ ਸਕੀ। ਉਸ ਦੌਰ ਵਿਚ ਇਹ ਮੁਮਕਿਨ ਨਹੀਂ ਸੀ। ਪਰਿਵਾਰ ਦੇ ਬੈਂਕਾਕ ਪੁੱਜਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਅਪਣੀ ਪੜ੍ਹਾਈ ਦਾ ਸਪਨਾ ਛੱਡਣਾ ਪਿਆ।
ਕਿਮਲਾਨ ਕਹਿੰਦੀ ਹੈ ਕਿ ਮੈ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੇਰੇ ਬੱਚੇ ਪੜ੍ਹਾਈ ਕਰ ਸਕਣ, ਇਸ ਲਈ ਜਦ ਉਹ ਯੂਨੀਵਰਸਿਟੀ ਜਾਣਾ ਚਾਹੁੰਦੇ ਸੀ ਤਾਂ ਮੈਂ ਉਨ੍ਹਾਂ ਦਾ ਸਾਥ ਦਿੱਤਾ। ਕਿਮਲਾਨ ਦੇ ਪੰਜ ਵਿਚੋਂ ਚਾਰ ਬੱਚਿਆਂ ਦੇ ਕੋਲ ਪੋਸਟ ਗਰੈਜੂਏਟ ਦੀ ਡਿਗਰੀ ਹੈ। ਇਹੀ ਨਹੀਂ, ਇਕ ਬੱਚੇ ਨੇ ਤਾਂ ਅਮਰੀਕਾ ਜਾ ਕੇ ਪੀਐਚਡੀ ਤੱਕ ਦੀ ਪੜ੍ਹਾਈ ਕੀਤੀ ਹੈ।  ਕਿਮਲਾਨ ਨੇ ਅਪਣੇ ਬੱਚਿਆਂ ਦੇ ਅਨੁਭਵਾਂ ਨਾਲ ਪ੍ਰੇਰਤ ਹੋ ਕੇ ਹੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਸੀ ਅਤੇ ਬੀਤੇ ਬੁਧਵਾਰ ਨੂੰ ਅਪਣੀ ਡਿਗਰੀ ਵੀ ਹਾਸਲ ਕੀਤੀ।
ਕਿਮਲਾਨ ਦੀ ਇਕ ਬੇਟੀ ਨੇ ਜਦ ਸੁਖੋਥਾਈ ਥਾਮਾਥਿਰਾਟ ਓਪਨ ਯੂਨੀਵਰਸਿਟੀ ਵਿਚ ਇਕ ਕੋਰਸ ਜਵਾਇਨ ਕੀਤਾ ਤਾਂ ਕਿਮਲਾਨ ਨੇ ਵੀ ਦਾਖ਼ਲਾ ਲੈਣ ਦਾ ਫ਼ੈਸਲਾ ਕੀਤਾ। ਪਹਿਲੀ ਵਾਰ ਦਾਖ਼ਲੇ ਦੇ ਸਮੇਂ ਉਨ੍ਹਾਂ ਦੀ ਉਮਰ ਸਿਰਫ 72 ਸਾਲ ਸੀ। ਲੇਕਿਨ ਉਨ੍ਹਾਂ ਦੀ ਇਕ ਬੇਟੀ ਦੀ ਮੌਤ ਨੇ ਉਨ੍ਹਾਂ ਕਈ ਸਾਲਾਂ ਦੇ ਲਈ ਪੜ੍ਹਾਈ ਤੋਂ ਦੂਰ ਕਰ ਦਿੱਤਾ। ਇਸ ਤੋਂ ਬਾਅਦ ਜਦ ਉਹ 85 ਸਾਲ ਦੀ ਸੀ ਤਾਂ ਉਨ੍ਹਾਂ ਨੇ ਹਿਊਮਨ ਇਕੋਲੌਜੀ ਕੋਰਸ ਵਿਚ ਦਾਖ਼ਲਾ ਲਿਆ। ਕਿਮਲਾਨ ਦੱਸਦੀ ਹੈ ਕਿ ਜਦ ਮੈਂ ਪਾਸ ਹੁੰਦੀ ਸੀ ਤਾਂ ਮੈਂ ਖੁਸ਼ ਹੁੰਦੀ ਅਤੇ ਜਦ ਫੇਲ੍ਹ ਹੁੰਦੀ ਤਾਂ ਬੂਰਾ ਮਹਿਸੂਸ ਕਰਦੀ ਸੀ। ਇਸ ਲਈ ਮੈਂ ਪੇਪਰਾਂ ਵਿਚ ਹਿੱਸਾ ਲੈਂਦੀ ਰਹੀ ਜਦ ਤੱਕ ਮੈਂ ਪਾਸ ਨਹੀਂ ਹੋ ਗਈ।

ਹੋਰ ਖਬਰਾਂ »

ਅੰਤਰਰਾਸ਼ਟਰੀ