ਵਾਸ਼ਿੰਗਟਨ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਮਹੀਨੇ ਅਮਰੀਕੀ ਕਾਂਗਰਸ ਦੁਆਰਾ ਲਗਾਏ ਗਏ ਬੈਨ ਕਾਰਨ  ਨਿਰਾਸ਼ ਹੋ ਕੇ ਮਾਸਕੋ ਨੇ 755 ਅਮਰੀਕੀ ਡਿਪਲੋਮੈਟਾਂ ਨੂੰ ਰੂਸ ਤੋਂ ਬਾਹਰ ਕੱਢ ਦਿੱਤਾ ਸੀ।  ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਹ ਕਦਮ ਚੁੱਕਣ ਦੇ ਲਈ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਧੰਨਵਾਦ ਕਿਹਾ ਹੈ। ਟਰੰਪ ਨੇ ਕਿਹਾ ਕਿ ਰੂਸ ਨੇ 755 ਅਮਰੀਕੀ ਡਿਪਲੋਮੈਟਾਂ ਅਤੇ ਕਰਮਚਾਰੀਆਂ ਨੂੰ ਬਰਖਾਸਤ ਕਰਕੇ ਅਮਰੀਕਾ ਦਾ ਕਾਫੀ ਪੈਸਾ ਬਚਾਇਆ ਹੈ। ਉਨ੍ਹਾਂ ਨੇ ਅਮਰੀਕ ਦਾ ਐਨਾ ਸਾਰਾ ਪੈਸਾ ਬਚਾਉਣ ਦੇ ਲਈ ਪੁਤਿਨ ਦਾ ਧੰਨਵਾਦ ਕੀਤਾ ਹੈ। 'ਦ ਗਾਰਡੀਨ' ਦੀ ਖ਼ਬਰ ਮੁਤਾਬਕ ਨਿਊਜਰਸੀ ਦੇ ਬੈਡਮਿੰਸਟਰ ਸਥਿਤ ਅਪਣੇ ਗੋਲਫ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਇਹ ਬਿਆਨ ਦਿੱਤਾ। ਪਿਛਲੇ ਮਹੀਨੇ ਜਦ ਮਾਸਕੋ ਨੇ ਐਨੀ ਵੱਡੀ ਗਿਣਤੀ ਵਿਚ ਅਮਰੀਕੀ ਡਿਪਲੋਮੈਟਾਂ ਨੂੰ ਰੂਸ ਛੱਡ ਕੇ ਜਾਣ ਦਾ ਨਿਰਦੇਸ਼ ਦਿੱਤਾ ਤਾਂ ਇਸ ਫ਼ੈਸਲੇ ਨੂੰ ਅਮਰੀਕਾ ਅਤੇ ਰੂਸ ਦੇ ਰਿਸ਼ਤਿਆਂ ਦੇ ਸਭ ਤੋਂ ਗੰਭੀਰ ਵਾਕਿਆਂ ਵਿਚੋਂ ਇਕ ਦੱਸਿਆ ਗਿਆ ਸੀ। ਕਿਹਾ ਗਿਆ ਸੀ ਕਿ ਸ਼ੀਤ ਯੁੱਧ ਖਤਮ ਹੋਣ ਤੋਂ ਬਾਅਦ ਲੈ ਕੇ ਹੁਣ ਤੱਕ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਐਨੇ ਕਮਜ਼ੋਰ ਅਤੇ ਨਾਜ਼ੁਕ ਕਦੇ ਨਹੀਂ ਹੋਏ ਸੀ। ਹੁਣ ਟਰੰਪ ਨੇ ਇਸ ਨੂੰ ਅਮਰੀਕਾ ਦਾ ਹੀ ਫਾਇਦਾ ਦੱਸਿਆ ਹੈ।  ਪੁਤਿਨ ਦੇ ਨਾਲ ਕਥਿਤ ਸਬੰਧਾਂ ਅਤੇ ਕਰੀਬੀਆਂ ਨੂੰ ਲੈ ਕੇ ਟਰੰਪ ਲਗਾਤਾਰ ਨਿਸ਼ਾਨੇ 'ਤੇ ਹੈ।  ਉਨ੍ਹਾਂ ਕਿਹਾ ਕਿ ਮੈਂ ਪੁਤਿਨ ਨੂੰ ਸ਼ੁਕਰੀਆ ਕਹਿਣਾ ਚਾਹੁੰਦਾ ਹਾਂ। ਅਸੀਂ ਅਪਣੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਵੇਤਨ ਦੇ ਭੁਗਤਾਨ ਦੀ ਰਕਮ ਘਟਾਉਣਾ ਚਾਹੁੰਦੇ ਹਨ। ਜਿੱਥੇ ਤੱਕ ਮੇਰਾ ਸਵਾਲ ਹੈ ਤਾਂ ਮੈਂ ਪੁਤਿਨ ਦਾ ਬਹੁਤ ਧੰਨਵਾਦੀ ਹਾਂ। ਉਨ੍ਹਾਂ ਨੇ ਐਨੀ ਵੱਡੀ ਗਿਣਤੀ ਵਿਚ ਅਮਰੀਕੀ ਡਿਪਲੋਮੈਟਾਂ ਅਤੇ ਮੁਲਾਜ਼ਮਾਂ ਨੂੰ ਕੱਢ ਦਿੱਤਾ।  ਹੁਣ ਸਾਨੂੰ ਬਹੁਤ ਘੱਟ ਲੋਕਾਂ ਨੂੰ ਤਨਖਾਹ ਦੇਣੀ ਪਵੇਗੀ।

ਹੋਰ ਖਬਰਾਂ »

ਅੰਤਰਰਾਸ਼ਟਰੀ