ਢਾਕਾ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਜਾਣਾ ਸੀ ਕਿਤੇ ਤੇ ਪੁੱਜ ਗਏ ਕਿਤੇ। ਇੰਜ ਹੀ ਹੋਇਆ ਬਰਾਤੀਆਂ ਨੂੰ ਲਿਜਾ ਰਹੇ ਹੈਲੀਕਾਪਟਰ ਨਾਲ। ਇਕ ਹੈਲੀਕਾਪਟਰ ਵਿਚ ਬੈਠ ਕੇ ਕੁਝ ਲੋਕ ਇਕ ਵਿਆਹ ਵਿਚ ਜਾ ਰਹੇ ਸੀ। ਪਾਇਲਟ ਨੇ ਗਲਤੀ ਨਾਲ ਹੈਲੀਕਾਪਟਰ ਨੂੰ ਜੇਲ੍ਹ ਵਿਚ ਉਤਾਰ ਦਿੱਤਾ। ਜੇਲ੍ਹ ਵਿਚ ਹੈਲੀਕਾਪਟਰ ਉਤਰਦਾ ਵੇਖ ਸੁਰੱਖਿਆ ਮੁਲਾਜ਼ਮਾਂ ਵਿਚ ਭਾਜੜਾਂ ਪੈ ਪਈਆਂ। ਜੇਲ੍ਹ ਅਧਿਕਾਰੀਆਂ ਨੂੰ ਲੱਗਾ ਕਿ ਸ਼ਾਇਦ ਜੇਲ੍ਹ 'ਤੇ ਅੱਤਵਾਦੀ ਹਮਲਾ ਹੋ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਮੋਰਚੇ ਸੰਭਾਲਦਿਆਂ ਹੈਲੀਕਾਪਟਰ ਨੂੰ ਘੇਰਾ ਪਾ ਲਿਆ। ਹੈਲੀਕਾਪਟਰ ਵਿਚ ਮੌਜੂਦ ਪੰਜ ਯਾਤਰੀਆਂ ਤੇ ਪਾਇਲਟ ਨੂੰ ਤੁਰੰਤ ਫੜ ਲਿਆ ਗਿਆ। ਯਾਤਰੀ ਬੰਗਲਾਦੇਸ਼ ਦੇ ਇਕ ਅਮੀਰ ਪਰਿਵਾਰ ਨਾਲ ਸਬੰਧ ਰਖਦੇ ਹਨ। ਅਧਿਕਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ  ਪਾਇਲਟ ਨੇ ਗਲਤੀ ਨਾਲ ਹੈਲੀਕਾਪਟਰ ਜੇਲ੍ਹ ਵਿਚ ਉਤਾਰ ਦਿੱਤਾ ਹੈ। ਪਾਇਲਟ ਨੇ ਵੀ ਅਪਣੀ ਗਲਤੀ ਸਵੀਕਾਰ ਕਰ ਲਈ, ਜਿਸ ਤੋਂ ਬਾਅਦ ਸਾਰਿਆਂ ਨੂੰ ਛੱਡ ਦਿੱਤਾ ਗਿਆ।  ਜੇਲ੍ਹ ਦੇ ਆਈਜੀ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਖੁਫੀਆ ਵਿਭਾਗ ਤੋਂ ਜਾਣਕਾਰੀ ਮਿਲੀ ਸੀ ਕਿ ਕੁਝ ਅੱਤਵਾਦੀ ਜੇਲ੍ਹ 'ਤੇ ਹਮਲਾ ਕਰਨ ਦੀ ਸਾਜ਼ਿਸ਼ ਕਰ ਰਹੇ ਹਨ। ਘਟਨਾ ਕਾਰਨ ਕੁਝ ਸਮੇਂ ਲਈ ਜੇਲ੍ਹ ਅੰਦਰ ਭਾਜੜਾਂ ਪੈ ਗਈਆਂ।

ਹੋਰ ਖਬਰਾਂ »