ਪੁਲਿਸ ਨੇ ਮ੍ਰਿਤਕ ਦੀ 19 ਸਾਲਾ ਤੰਨਰ ਕਰੂਪਾ ਵਜੋਂ ਪਛਾਣ ਕੀਤੀ

ਸਰੀ, 22 ਅਗਸਤ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਕਵਾਂਟਲਨ ਯੂਨੀਵਰਸਿਟੀ ਨੇੜੇ ਇਕ ਘਰ ਦੀ ਪਿਛਲੀ ਗਲੀ 'ਚ ਮਿਲੀ ਲਾਸ਼ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਮ੍ਰਿਤਕ ਦਾ ਨਾਂਅ ਤੰਨਰ ਕਰੂਪਾ ਸੀ ਤੇ 19 ਸਾਲਾਂ ਦਾ ਇਹ ਨੌਜਵਾਨ ਐਡਮਿੰਟਨ ਦਾ ਰਹਿਣ ਵਾਲਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਇਸ ਨੌਜਵਾਨ ਦਾ ਕਤਲ ਹੋਇਆ ਹੈ। ਬੀਤੇ ਦਿਨਾਂ ਤੋਂ ਮ੍ਰਿਤਕ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਉਸ ਦੀ ਭਾਲ ਕਰ ਰਹੇ ਸਨ ਤੇ ਤੰਨਰ ਕਰੂਪਾ ਦੀ ਭੈਣ ਨੇ ਉਸ ਦੇ ਲਾਪਤਾ ਹੋਣ ਬਾਰੇ ਫੇਸਬੁੱਕ 'ਤੇ ਪੋਸਟ ਵੀ ਕੀਤੀ ਸੀ ਜੋ ਹੁਣ ਡਲੀਟ ਕਰ ਦਿੱਤੀ ਗਈ ਹੈ। ਕਰੂਪਾ 66 ਐਵਨਿਊ ਦੇ ਖੇਤਰ 'ਚ ਲਾਪਤਾ ਹੋ ਗਿਆ ਸੀ ਜੋ ਸਰੀ 'ਚ ਇਕ ਤੇਲ ਅਤੇ ਗੈਸ ਕੰਪਨੀ ਲਈ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਤੰਨਰ ਕਰੂਪਾ ਦੀ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਲੱਗ ਰਿਹਾ ਹੈ ਕਿ ਉਸ ਦਾ ਕਤਲ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਪੁਲਿਸ ਨੇ ਹਾਲੇ ਇਹ ਨਹੀਂ ਦੱਸਿਆ ਕਿ ਉਹ ਕਿਵੇਂ ਮਾਰਿਆ ਗਿਆ ਪਰ ਉਹ ਗਵਾਹਾਂ ਨਾਲ ਗੱਲਬਾਤ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਇਸ ਹਾਦਸੇ ਬਾਰੇ ਜੇ ਕੋਈ ਕੁੱਝ ਜਾਣਦਾ ਹੈ ਤਾਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।  

ਹੋਰ ਖਬਰਾਂ »