ਬੀਜਿੰਗ, 28 ਅਗਸਤ (ਹਮਦਰਦ ਨਿਊਜ਼ ਸਰਵਿਸ) : ਡੋਕਲਾਮ ਵਿਵਾਦ ਦੇ ਚਲਦਿਆਂ ਚੀਨੀ ਮੀਡੀਆ ਭਾਰਤ ਨੂੰ ਕੋਸਣ ਦਾ ਕੋਈ ਮੌਕਾ ਨਹੀਂ ਛੱਡ ਰਿਹਾ ਹੈ। ਹੁਣ ਉੱਥੋਂ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਗੁਰਮੀਤ ਰਾਰਮ ਰਹੀਮ ਨੂੰ ਬਲਾਤਕਾਰ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਹੋਈ ਹਿੰਸਾ ਨੇ ਭਾਰਤ ਦੀਆਂ ਮੁਸ਼ਕਲਾਂ ਦੀ ਪੋਲ ਖੋਲ੍ਹ ਦਿੱਤੀ ਹੈ। ਡੇਰਾ ਮੁਖੀ ਨੂੰ 25 ਅਗਸਤ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਗਰੋਂ ਹਰਿਆਣਾ, ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਹਿੰੰਸਾ ਫੈਲ ਗਈ ਸੀ। ਇਸ ਵਿੱਚ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਲਗਾਈ ਗਈ ਸੀਬੀਆਈ ਦੀ ਅਦਾਲਤ ਵੱਲੋਂ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਚੀਨੀ ਮੀਡੀਆ ਦੇ ਆਰਟੀਕਲ ਵਿੱਚ ਲਿਖਿਆ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਇੱਕ ਸੋਸ਼ਲ ਵੈਲਫੇਅਰ ਅਤੇ ਸਪਿਰਚੁਅਲ ਗਰੁੱਪ ਦੇ ਮੁੱਖੀ ਹਨ। ਇਸ ਦੇ 6 ਕਰੋੜ ਤੋਂ ਵੱਧ ਸਮਰਥਕ ਹਨ। ਇਸ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸ ਧਰਮ ਗੁਰੂ ਦੀ ਜਬਰਦਸਤ ਪ੍ਰਸਿੱਧੀ ਦੱਸਦੀ ਹੈ ਕਿ ਭਾਰਤ ਹਾਥੀ ਦੀ ਤਰ੍ਹਾਂ ਫਸਿਆ ਹੈ, ਜੋ ਰਵਾਇਤ ਅਤੇ ਆਧੁਨਿਕਤਾ ਦੀ ਮੁਸ਼ਕਲ ਨਾਲ ਜੂਝ ਰਿਹਾ ਹੈ। ਆਰਟੀਕਲ ਵਿੱਚ ਇਹ ਵੀ ਲਿਖਿਆ ਹੈ ਕਿ ਭਾਰਤੀਆਂ ਨੇ ਦੁਨੀਆ ਵਿੱਚ ਹਮੇਸ਼ਾ ਆਪਣੇ ਦੇਸ਼ ਨੂੰ ਪਵਿੱਤਰਤਾ ਦਾ ਗੜ੍ਹ ਦੱਸਿਆ ਹੈ, ਪਰ ਅੰਧਵਿਸ਼ਵਾਸ ਅਤੇ ਦਕਿਆਨੁਸੀ ਰਵਾਇਤ ਵਾਲੀ ਸੋਚ ਉਸ ਦੇ ਮਾਡਰਨਾਈਜ਼ੇਸ਼ਨ ਵਿੱਚ ਮੁਸ਼ਕਲ ਬਣੀ ਹੈ।
ਆਰਟੀਕਲ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਭਾਰਤੀ ਹਮੇਸ਼ਾ ਗੁਰੂਆਂ ਨੂੰ ਪੂਜਦੇ ਰਹੇ ਹਨ। ਡੇਰਾ ਮੁਖੀ ਇੱਕ ਪ੍ਰਸਿੱਧ ਬਿਜ਼ਨਸਮੈਨ ਵੀ ਹੈ। ਆਪਣੇ ਜਬਰਦਸਤ ਰਸੂਖ ਵਾਲੇ ਗੁਰਮੀਤ ਰਾਮ ਰਹੀਮ ਦਾ ਖੁਦ ਦਾ ਹੋਟਲ ਹੈ, ਸਿਨੇਮਾ ਹਾਲ ਅਤੇ ਸਕੂਲ ਹਨ। ਉਹ ਕਈ ਫਿਲਮਾਂ ਵਿੱਚ ਆਪਣੇ ਆਪ ਨੂੰ ਬਤੌਰ ਹੀਰੋ ਵੀ ਪੇਸ਼ ਕਰ ਚੁੱਕਾ ਹੈ। ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਉਸ ਦੇ ਲੱਖਾਂ ਸਮਰਥਕ ਵਿਰੋਧ ਲਈ ਪੰਚਕੂਲਾ ਸਥਿਤ ਡੇਰੇ ਦੇ ਹੈਡ ਕੁਆਰਟਰ ਵਿੱਚ ਇਕੱਠੇ ਹੋਏ ਗਏ ਸਨ। ਉਨ੍ਹਾਂ ਵਿੱਚੋਂ ਕੁਝ ਨੇ ਪੁਲਿਸ 'ਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਵੀ ਕੀਤਾ। ਇਹ ਘਟਨਾ ਦੱਸਦੀ ਹੈ ਕਿ ਭਾਰਤ ਦੀ ਜਨਤਾ ਦੇਸ਼ ਦੀ ਰਵਾਇਤੀ ਸਿਆਸਤ ਤੋਂ ਮਾਯੂਸ ਹੈ। ਵੱਡੀ ਗਿਣਤੀ ਵਿੱਚ ਅਜਿਹੇ ਨਾਖੁਸ਼ ਭਾਰਤੀ ਗੈਰ-ਰਵਾਇਤੀ ਧਾਰਮਿਕ ਗੁੱਟਾਂ ਵੱਲ ਜਾ ਰਹੇ ਹਨ।

ਹੋਰ ਖਬਰਾਂ »