ਯੂਨੀਵਰਸਿਟੀ 'ਚ ਦਾਖ਼ਲਾ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ ਅਮਰੀਕੀ ਵਿਦਿਆਰਥੀ

ਵਾਸ਼ਿੰਗਟਨ, 3 ਸਤੰਬਰ (ਹਮਦਰਦ ਨਿਊਜ਼ ਸਰਵਿਸ) ਇੱਥੇ ਇਕ ਸਿੱਖ ਵਿਦਿਆਰਥੀ ਦਾ ਉਸ ਦੀ ਟੈਕਸੀ ਵਿੱਚ ਕਥਿਤ ਤੌਰ 'ਤੇ ਇਕ ਅਮਰੀਕੀ ਵਿਦਿਆਰਥੀ, ਜੋ ਯੂਨੀਵਰਸਿਟੀ ਵਿੱਚ ਦਾਖ਼ਲਾ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ, ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੌਫ਼ਟਵੇਅਰ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ (22 ਸਾਲ), ਜੋ ਟੈਕਸੀ ਵੀ ਚਲਾਉਂਦਾ ਸੀ, ਉਤੇ ਕਥਿਤ ਤੌਰ 'ਤੇ 19 ਸਾਲਾ ਮੁਸਾਫ਼ਰ ਨੇ ਹਮਲਾ ਕੀਤਾ, ਜਿਸ ਨੂੰ ਉਸ ਨੇ 28 ਅਗਸਤ ਨੂੰ ਵਾਸ਼ਿੰਗਟਨ ਸਟੇਟ ਵਿੱਚ ਸਪੋਕੇਨ ਕੌਮਾਂਤਰੀ ਹਵਾਈ ਅੱਡੇ ਤੋਂ ਚੁੱਕਿਆ ਸੀ। ਇਡਾਹੋ ਵਿੱਚ ਬੌਨਰ ਕਾਊਂਟੀ ਸ਼ੈਰਿਫਜ਼ ਦਫ਼ਤਰ ਨੇ ਮੁਲਜ਼ਮ ਦੀ ਸ਼ਨਾਖ਼ਤ ਜੈਕਬ ਕੋਲਮੈਨ ਵਜੋਂ ਕੀਤੀ ਹੈ, ਜਿਸ ਖ਼ਿਲਾਫ਼ ਪਹਿਲਾ ਦਰਜਾ ਕਤਲ ਦੇ ਦੋਸ਼ ਲਾਏ ਗਏ ਹਨ। ਦੱਸ ਦੇਈਏ ਕਿ ਗਗਨਦੀਪ ਮੂਲ ਰੂਪ ਵਿੱਚ ਜਲੰਧਰ ਦਾ ਵਸਨੀਕ ਸੀ ਅਤੇ ਸਾਲ 2003 ਤੋਂ ਵਾਸ਼ਿੰਗਟਨ ਸਟੇਟ ਵਿੱਚ ਰਹਿ ਰਿਹਾ ਸੀ। ਸ਼ੈਰਿਫ ਦਫ਼ਤਰ ਦੇ ਬਿਆਨ ਮੁਤਾਬਕ ਕੋਲਮੈਨ ਸਿਆਟਲ ਤੋਂ ਸਪੋਕੇਨ ਦੀ ਗੌਂਜ਼ਾਗਾ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ ਆਇਆ ਸੀ ਪਰ ਇੱਥੇ ਪਹੁੰਚਣ ਉਤੇ ਯੂਨੀਵਰਸਿਟੀ ਨੇ ਉਸ ਨੂੰ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਯੂਨੀਵਰਸਿਟੀ ਤੋਂ ਜਵਾਬ ਮਿਲਣ ਬਾਅਦ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਦੇ ਦਿਮਾਗ ਵਿੱਚ ਖ਼ਤਰਨਾਕ ਖ਼ਿਆਲ ਆਉਣ ਲੱਗੇ। ਗੌਂਜ਼ਾਗਾ ਯੂਨੀਵਰਸਿਟੀ ਨੇ ਦੱਸਿਆ ਕਿ ਕੋਲਮੈਨ ਦੀ ਅਰਜ਼ੀ ਦਾ ਉਸ ਕੋਲ ਕੋਈ ਰਿਕਾਰਡ ਨਹੀਂ ਹੈ ਅਤੇ ਉਸ ਵੱਲੋਂ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੋਲਮੈਨ ਨੇ ਟੈਕਸੀ ਲਈ ਅਤੇ ਗਗਨਦੀਪ ਸਿੰਘ ਨੂੰ ਉਸ ਦੇ ਬੌਨਰ ਕਾਊਂਟੀ, ਇਡਾਹੋ 'ਚ ਉਸ ਦੇ ਫ਼ਰਜ਼ੀ ਦੋਸਤ ਘਰ ਛੱਡਣ ਲਈ ਕਿਹਾ। ਪੁਲਿਸ ਨੇ ਦੱਸਿਆ ਕਿ ਕੋਲਮੈਨ ਨੇ ਬਾਅਦ 'ਚ ਮੰਨਿਆ ਕਿ ਸਫ਼ਰ ਦੌਰਾਨ ਉਹ 'ਹਿੰਸਕ ਹੋ ਗਿਆ ਸੀ' ਅਤੇ ਇਕ ਜਗ੍ਹਾ ਦੁਕਾਨ 'ਤੇ ਰੁਕਣ ਸਮੇਂ ਉਸ ਨੇ ਚਾਕੂ ਖ਼ਰੀਦ ਲਿਆ ਸੀ। ਗਗਨਦੀਪ ਨੂੰ ਗਲਤ ਜਗ੍ਹਾ ਲਿਜਾਏ ਜਾਣ ਦਾ ਅਹਿਸਾਸ ਹੋਣ 'ਤੇ ਉਸ ਨੇ ਸ਼ਹਿਰ ਕੂਟੇਨਈ 'ਚ ਕਾਰ ਰੋਕ ਲਈ ਤਾਂ ਕੋਲਮੈਨ ਨੇ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ।

ਹੋਰ ਖਬਰਾਂ »