ਚੀਨ ਦੇ ਇਤਰਾਜ਼ ਦੇ ਬਾਵਜੂਦ ਬ੍ਰਿਕਸ ਐਲਾਨਨਾਮੇ 'ਚ ਲਸ਼ਕਰ ਅਤੇ ਜੈਸ਼ ਦਾ ਨਾਂਅ ਸ਼ਾਮਲ ਕਰਾਉਣ 'ਚ ਭਾਰਤ ਸਫ਼ਲ, ਬ੍ਰਿਕਸ 'ਚ ਭਾਰਤ ਦੀ ਕੂਟਨੀਤਕ ਜਿੱਤ ਨੂੰ ਚੀਨ ਦੇ ਨਾਲ ਪਾਕਿਸਤਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ

ਸਿਰਸਾ, 4 ਸਤੰਬਰ (ਹਮਦਰਦ ਨਿਊਜ਼ ਸਰਵਿਸ) :  ਡੋਕਲਾਮ ਵਿਵਾਦ 'ਤੇ ਮਾਤ ਖਾਣ ਮਗਰੋਂ ਹੁਣ ਚੀਨ ਨੂੰ ਬ੍ਰਿਕਸ (ਬ੍ਰਾਜੀਲ, ਰੂਸ, ਇੰਡੀਆ, ਚੀਨ, ਦੱਖਣੀ ਅਫਰੀਕਾ) ਸੰਮੇਲਨ 'ਚ ਵੀ ਭਾਰਤ ਦੇ ਹੱਥੋਂ ਕੂਟਨੀਤਕ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਚਾਹੁੰਦਾ ਸੀ ਕਿ ਇਸ ਸੰਮੇਲਨ 'ਚ ਅੱਤਵਾਦ ਦੇ ਮੁੱਦੇ ਦਾ ਜ਼ਿਕਰ ਨਾ ਹੋਵੇ। ਉਸ ਵੱਲੋਂ ਇਸ ਸਬੰਧੀ ਭਾਰਤ ਲਈ ਸੁਝਾਅ ਵੀ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਬ੍ਰਿਕਸ ਐਲਾਨਨਾਮੇ 'ਚ ਪਾਕਿਸਤਾਲ 'ਚ ਮੌਜੂਦ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤਾਇਬਾ (ਐਲਈਟੀ) ਅਤੇ ਜੈਸ਼ ਏ ਮੁਹੰਮਦ (ਜੇਈਐਮ) ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਇਸ ਘਟਨਾਕ੍ਰਮ ਨੂੰ ਭਾਰਤ ਦੀ ਕੂਟਨੀਤਕ ਜਿੱਤ ਦੇ ਨਾਲ ਹੀ ਪਾਕਿਸਤਾਨ ਲਈ ਵੱਡੀ ਸ਼ਰਮ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਬ੍ਰਿਕਸ ਨੇ ਆਪਣੇ ਸਾਂਝੇ ਐਲਾਨਨਾਮੇ 'ਚ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਅੱਤਵਾਦ ਵਿਰੁੱਧ ਮਿਲ ਕੇ ਸੰਘਰਸ਼ ਕੀਤਾ ਜਾਵੇ। ਕੱਟੜਪੰਥ ਨੂੰ ਖ਼ਤਮ ਕਰਨ ਅਤੇ ਅੱਤਵਾਦੀ ਸੰਗਠਨਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਦੇ ਰਸਤੇ ਬੰਦ ਕਰਨ ਲਈ ਵੀ ਆਪਸੀ ਸਹਿਯੋਗ ਵਧਾਇਆ ਜਾਵੇ। ਇਸ ਤੋਂ ਇਲਾਵਾ ਛੇਤੀ ਹੀ ਸੰਯੁਕਤ ਰਾਸ਼ਟਰ ਦੀ ਅਗਵਾਈ 'ਚ ਕੌਮਾਂਤਰੀ ਅੱਤਵਾਦ 'ਤੇ ਵਿਆਪਕ ਸੰਮੇਲਨ ਆਯੋਜਿਤ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ।  

ਹੋਰ ਖਬਰਾਂ »