ਊਨਾ, 5 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਹਿਮਾਚਲ ਦੇ ਜ਼ਿਲ•ਾ ਊਨਾ ਦੇ ਪੁਲਿਸ ਥਾਣਾ ਅੰਬ 'ਚ ਪੈਂਦੇ ਅੰਬ-ਹਮੀਰਪੁਰ ਸੜਕ 'ਤੇ ਸਵਾਰੀਆਂ ਨਾਲ ਭਰਿਆ ਇਕ ਟਰੱਕ ਪਲਟ ਗਿਆ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 61 ਲੋਕ ਜ਼ਖ਼ਮੀ ਹੋਏ ਸਨ। ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਊਨਾ ਹਸਪਤਾਲ ਪਹੁੰਚਾਇਆ ਗਿਆ ਪਰ ਗੰਭੀਰ ਹਾਲਤ ਦੇ ਚਲਦਿਆਂ 13 ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ• ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਤੋਂ ਆਇਆ ਸ਼ਰਧਾਲੂਆਂ ਦਾ ਇਕ ਜੱਥਾ ਟਰੱਕ 'ਚ ਸਵਾਰ ਹੋ ਕੇ ਆਇਆ ਸੀ। ਡੇਰਾ ਬਾਬਾ ਬੜਭਾਗ ਸਿੰਘ ਮੈੜੀ 'ਚ ਮੱਥਾ ਟੇਕ ਕੇ ਜਦੋਂ ਸ਼ਰਧਾਲੂ ਵਾਪਸ ਪਰਤ ਰਹੇ ਸੀ ਤਾਂ ਬਾਬਾ ਪਿੰਡੀਦਾਸ ਆਸ਼ਰਮ ਨੇੜੇ ਢਲਾਨ 'ਤੇ ਉਤਰਦੇ ਸਮੇਂ ਇਕ ਮੋਟਰਸਾਈਕਲ ਅਚਾਨਕ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ ਬਚਾਉਂਦੇ ਟਰੱਕ ਪਲਟ ਗਿਆ। ਮ੍ਰਿਤਕਾਂ ਦੀ ਪਛਾਣ ਕਰਣ ਸਿੰਘ ਪੁੱਤਰ ਵਿੰਦਰ ਸਿੰਘ, ਗੁਰਸੇਵ ਸਿੰਘ ਪੁੱਤਰ ਕੇਵਲ ਸਿੰਘ, ਸੁਖਵੰਤ ਕੌਰ ਪਤਨੀ ਸੁੱਚਾ ਸਿੰਘ ਸਾਰੇ ਵਾਸੀ ਤਰਨਤਾਰਨ (ਪੰਜਾਬ), ਸੋਨੀਆ ਪੁੱਤਰੀ ਵਾਜਾ ਸਿੰਘ ਅਤੇ ਸੋਨੂੰ ਪੁੱਤਰ ਪ੍ਰੇਮ ਵਾਸੀ ਹੁਸ਼ਿਆਰਪੁਰ (ਪੰਜਾਬ) ਵਜੋਂ ਹੋਈ ਹੈ। ਟਰੱਕ ਚਾਲਕ ਦਾ ਕਹਿਣਾ ਹੈ ਕਿ ਹਾਦਸੇ 'ਚ ਕਈ ਲੋਕ ਉਛਲ ਕੇ ਸੜਕ ਕੰਡੇ ਝਾੜੀਆਂ 'ਚ ਜਾ ਡਿੱਗੇ ਜਦੋਂਕਿ ਕਈ ਟਰੱਕ ਦੇ ਅੰਦਰ ਡਬਲ ਡੈਕਰ ਬਣਾਉਣ ਲਈ ਲਾਏ ਵਜ਼ਨਦਾਰ ਫੱਟਿਆਂ ਦੀ ਜਦ 'ਚ ਆਉਣ ਅਤੇ ਟਰੱਕ ਨਾਲ ਦਰੜੇ ਜਾਣ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।  ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਸੀ. ਵਿਕਾਸ ਲਾਬਰੂ ਵੀ ਹਾਲਾਤ ਦਾ ਜਾਇਜ਼ਾ ਲੈਣ ਮੌਕੇ 'ਤੇ ਪੁੱਜੇ।
 

ਹੋਰ ਖਬਰਾਂ »