ਵਾਈਟ ਹਾਊਸ ਨੇ ਮਾਮਲੇ ਦੀ ਜਾਂਚ ਗ੍ਰਹਿ ਸੁਰੱਖਿਆ ਵਿਭਾਗ ਨੂੰ ਸੌਂਪੀ, ਅਮਰੀਕਾ ਦੇ ਗੁਰਦੁਆਰੇ ਦੀ ਕੰਧ 'ਤੇ ਨਫ਼ਰਤੀ ਸੰਦੇਸ਼ ਲਿਖਣ ਵਾਲਾ ਕੈਮਰੇ 'ਚ ਕੈਦ

ਲਾਸ ਏਂਜਲਸ, 6 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਲਾਸ ਏਂਜਲਿਸ ਦੇ ਇਕ ਗੁਰਦੁਆਰੇ ਨੂੰ ਨਫ਼ਰਤੀ ਟਿੱਪਣੀ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ। ਗੁਰਦੁਆਰੇ ਦੀਆਂ ਕੰਧਾਂ 'ਤੇ ਇਸਲਾਮ ਵਿਰੋਧੀ ਅਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਵਿਰੋਧੀ ਤਸਵੀਰਾਂ ਚਿਪਕਾਈਆਂ ਗਈਆਂ ਅਤੇ ਨਾਅਰੇ ਲਿਖੇ ਗਏ। ਇਹ ਘਟਨਾ ਲਾਸ ਏਂਜਲਿਸ ਦੇ ਵਰਮੌਂਟ ਗੁਰਦੁਆਰਾ ਸਾਹਿਬ ਵਿਖੇ ਵਾਪਰੀ। ਇਸ ਗੁਰਦੁਆਰੇ ਨੂੰ ਹਾਲੀਵੁੱਡ ਸਿੱਖ ਟੈਂਪਲ ਵਜੋਂ ਵੀ ਜਾਣਿਆ ਜਾਂਦਾ ਹੈ। ਬਯੂਏਨਾ ਪਾਰਕ ਇਲਾਕੇ 'ਚ ਸਥਿਤ ਗੁਰਦੁਆਰੇ ਦੀਆਂ ਕੰਧਾਂ 'ਤੇ ਨਫ਼ਰਤ ਨਾਲ ਭਰੇ ਨਾਅਰੇ ਲਿਖ ਕੇ ਕੰਧਾਂ ਨੂੰ ਬਦਰੰਗ ਕੀਤਾ ਗਿਆ ਹੈ। ਸਿੱਖ ਭਾਈਚਾਰੇ ਦੇ ਸੰਗਠਨ ਨੇ ਦੱਸਿਆ ਕਿ ਐਤਵਾਰ ਸਵੇਰੇ ਗੁਰਦੁਆਰੇ ਦੀਆਂ ਕੰਧਾਂ ਦੇ ਨਾਲ ਨਾਲ ਉਥੇ ਖੜੇ ਇਕ ਟਰੱਕ 'ਚ ਵੀ ਅਜਿਹੇ ਨਾਅਰੇ ਲਿਖੇ ਗਏ। ਇਕ ਨਿਊਜ਼ ਚੈਨਲ ਦੀ ਖਬਰ ਮੁਤਾਬਕ ਇਕ ਚਸ਼ਮਦੀਦ ਨੇ ਗੁਰਦੁਆਰਾ ਸਾਹਿਬ ਦੀ ਕੰਧ ਨੇੜਿਓਂ ਦੌੜ ਰਹੇ ਇਕ ਵਿਅਕਤੀ ਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਫੇਸਬੁੱਕ 'ਤੇ ਪੋਸਟ ਕਰ ਦਿੱਤਾ। 
ਵੀਡੀਓ ਬਣਾਉਣ ਵਾਲੇ ਕਰਨ ਰੇਅ ਨਾਂਅ ਦੇ ਵਿਅਕਤੀ ਨੇ ਕਿਹਾ, ''ਮੈਂ ਉਸ ਵਿਅਕਤੀ ਨੂੰ ਕਿਹਾ ਕਿ ਮੈਂ ਪੁਲਿਸ ਬੁਲਾਉਣ ਜਾ ਰਿਹਾ ਹਾਂ, ਜਿਸ ਦੇ ਜਵਾਬ 'ਚ ਉਸ ਨੇ ਕਿਹਾ ਕਿ ਮੈਂ ਤੇਰਾ ਗਲਾ ਵੱਢ ਦੇਵਾਂਗਾ।'' ਰੇਅ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਗੁਰਦੁਆਰਾ ਸਾਹਿਬ ਗਿਆ ਸੀ, ਤਾਂ ਉਸ ਨੇ ਦੇਖਿਆ ਕਿ ਇਕ ਵਿਅਕਤੀ ਕਾਲੇ ਮਾਰਕਰ ਨਾਲ ਗੁਰਦੁਆਰੇ ਦੀ ਸਫੈਦ ਕੰਧ 'ਤੇ ਕੁਝ ਲਿਖ ਰਿਹਾ ਹੈ। ਉਸ ਨੇ ਆਪਣੇ ਮੋਬਾਈਲ ਫੋਨ 'ਚ ਉਸ ਦੀ ਰਿਕਾਡਿੰਗ ਸ਼ੁਰੂ ਕਰ ਦਿੱਤੀ। ਰੇਅ ਸਿੱਖਾਂ ਵਿਰੁੱਧ ਲਿਖੇ ਅਜਿਹੇ ਅਪਮਾਨਜਨਕ ਸੰਦੇਸ਼ ਤੋਂ ਦੁਖੀ ਹੋਇਆ ਅਤੇ ਉਸ ਨੇ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ।
ਵਾਸ਼ਿੰਗਟਨ ਸਥਿਤ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ (ਐਸਸੀਓਆਰਈ) ਨੇ ਦੱਸਿਆ ਕਿ ਬਯੂਏਨਾ ਪਾਰਕ ਪੁਲਿਸ ਵਿਭਾਗ ਉਸ ਦੇ ਸੰਪਰਕ 'ਚ ਹੈ ਅਤੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਕਿਹਾ, '' ਅਸੀਂ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਸਾਡਾ ਮੰਨਣਾ ਹੈ ਕਿ ਇਹ ਇਕ ਨਫ਼ਰਤ ਫੈਲਾਉਣ ਵਾਲਾ ਅਪਰਾਧ ਹੈ। ਲਗਦਾ ਹੈ ਕਿ ਇਹ ਸੈਨ ਬਰਨਾਰਡੀਨੋ ਗੋਲੀਬਾਰੀ ਦੇ ਪ੍ਰਤੀਕਰਮ 'ਚ ਕੀਤਾ ਗਿਆ ਹੈ।'' ਦੱਸ ਦੇਈਏ ਕਿ ਸੈਨ ਬਰਨਾਰਡੀਨੋ 'ਚ ਪਾਕਿਸਤਾਨੀ ਮੂਲ ਦੇ ਇਕ ਜੋੜੇ ਨੇ ਗੋਲੀਬਾਰੀ ਕਰ ਕੇ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਐਸਸੀਓਆਰਈ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਵਾਈਟ ਹਾਊਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਮਗਰੋਂ ਵਾਈਟ ਹਾਊਸ ਅਧਿਕਾਰੀਆਂ ਨੇ ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨਾਲ ਸੰਪਰਕ ਕੀਤਾ। ਵਾਈਟ ਹਾਊਸ ਨੇ ਇਸ ਮਾਮਲੇ ਨੂੰ ਗ੍ਰਹਿ ਸੁਰੱਖਿਆ ਵਿਭਾਗ ਨੂੰ ਜਾਂਚ ਲਈ ਸੌਂਪ ਦਿੱਤਾ ਹੈ। ਰਾਜਵੰਤ ਸਿੰਘ ਨੇ ਕਿਹਾ ਕਿ ਅਮਰੀਕਾ 'ਚ ਸਿੱਖ ਭਾਈਚਾਰਾ ਇਸ ਤਾਜ਼ਾ ਘਟਨਾ ਤੋਂ ਕਾਫੀ ਚਿੰਤਤ ਹੈ। ਉਨ•ਾਂ ਨੇ ਭਾਈਚਾਰਿਆਂ ਨਾਲ ਸਥਾਨਕ ਅਧਿਕਾਰੀਆਂ ਨਾਲ ਸੰਪਰਕ 'ਚ ਰਹਿਣ ਲਈ ਕਿਹਾ ਹੈ। ਐਸਸੀਓਆਰਈ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ, ''ਰਾਸ਼ਟਰਪਤੀ ਅਹੁਦੇ ਦੇ ਕੁੱਝ ਦਾਅਵੇਦਾਰਾਂ ਵੱਲੋਂ ਮੁਸਲਮਾਨਾਂ ਵਿਰੁੱਧ ਗੱਲਾਂ ਕਰਨ ਤੋਂ ਵੀ ਅਸੀਂ ਚਿੰਤਿਤ ਹਾਂ। ਅਜਿਹੀਆਂ ਗੱਲਾਂ ਨਾਲ ਅਮਰੀਕਾ 'ਚ ਘੱਟ ਗਿਣਤੀ ਧਰਮਾਂ, ਖ਼ਾਸ ਕਰ ਕੇ ਸਿੱਖਾਂ ਵਿਰੁੱਧ ਹਿੰਸਾ ਹੋਰ ਵਧੇਗੀ। ਸਾਨੂੰ ਡਰ ਹੈ ਕਿ ਨਫ਼ਰਤ ਨਾਲ ਭਰਜੀਆਂ ਅਜਿਹੀਆਂ ਗੱਲਾਂ ਪੂਰੇ ਦੇਸ਼ 'ਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਣੀ ਲਪੇਟ 'ਚ ਲੈਣਗੀਆਂ।'' 
ਦੱਸ ਦੇਈਏ ਕਿ ਮੁਸਲਮਾਨਾਂ ਨਾਲ ਮਿਲਦੇ-ਜੁਲਦੇ ਪਹਿਰਾਵੇ ਕਾਰਨ ਸਿੱਖ ਭਾਈਚਾਰਾ ਪਹਿਲਾਂ ਵੀ ਅਮਰੀਕਾ 'ਚ 'ਨਫ਼ਰਤੀ ਅਪਰਾਧ' ਦਾ ਸ਼ਿਕਾਰ ਹੁੰਦਾ ਰਿਹਾ ਹੈ। 2012 'ਚ ਵਿਸਕੋਨਸਿਨ 'ਚ ਇਕ ਬੰਦੂਕਧਾਰੀ ਨੇ 6 ਸਿੱਖ ਸ਼ਰਧਾਲੂਆਂ ਦੀ ਗੋਲੀ ਮਾਰ ਕੇ ਹੱਤਿਆ ਕਰਜ ਦਿੱਤੀ ਸੀ। 

ਹੋਰ ਖਬਰਾਂ »