ਜੇਲ੍ਹ ਜਾਂਦੇ ਹੀ ਸਾਰੀ ਕੰਪਨੀਆਂ, 8 ਸਕੂਲ-ਕਾਲਜ, ਹੋਟਲ-ਰੈਸਟੋਰੈਂਟ ਅਤੇ 52 ਦੁਕਾਨਾ 'ਤੇ ਲੱਗੇ ਜਿੰਦਰੇ ਕੈਨੇਡਾ, ਇੰਗਲਂਡ, ਜਰਮਨੀ ਅਤੇ ਆਸਟ੍ਰੇਲੀਆ ਵਿਚ ਆਨਲਾਈਨ ਵਿਕਰੀ ਹੋਈ ਠੱਪ

ਜਲੰਧਰ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : 28 ਅਗਸਤ ਨੂੰ ਰੇਪ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਦਸ ਦਿਨ ਦੇ ਅੰਦਰ ਹੀ ਡੇਰੇ ਦਾ ਕਰੀਬ 800 ਕਰੋੜ ਦਾ ਕਾਰੋਬਾਰ ਬੰਦ ਹੋ ਗਿਆ ਹੈ। ਸਿਰਸਾ ਡੇਰੇ ਦੀ 14 ਕੰਪਨੀਆਂ, 8 ਸਕੂਲ-ਕਾਲਜ, ਫਾਈਵ ਸਟਾਰ ਹੋਟਲ ਐਮਐਸਜੀ ਰਿਜ਼ੌਰਟ, ਕਸ਼ਿਸ਼ ਰੈਸਟੋਰੈਂਟ, ਪੁਰਾਣੇ ਡੇਰੇ ਦੇ ਸਾਹਮਣੇ ਏਸੀ ਸੁਪਰ ਮਾਰਕਿਟ ਸੱਚ ਦੀ 52 ਦੁਕਾਨਾਂ 'ਤੇ ਜਿੰਦਰੇ ਲੱਗੇ ਹਨ। ਕਈ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ। ਕਾਰੋਬਾਰ ਨਾਲ ਜੁੜੇ ਕਰੀਬ ਅੱਠ ਹਜ਼ਾਰ ਲੋਕ ਬੇਰੋਜ਼ਗਾਰ ਹੋ ਗਏ ਅਤੇ ਡਰ ਦੇ ਮਾਰੇ ਸਿਰਸਾ ਛੱਡ ਗਏ ਹਨ। ਦੇਸ਼ ਭਰ ਵਿਚ 400 ਦੇ ਕਰੀਬ ਡੀਲਰਸ ਨੇ ਐਮਐਸਜੀ ਸਟੋਰ ਬੰਦ ਕਰ ਦਿੱਤੇ ਹਨ। 2008 ਤੋਂ ਗੁਰਮੀਤ ਨੇ ਹੁਣ ਤੱਕ 14 ਕੰਪਨੀਆਂ ਖੜ੍ਹੀ ਕਰ ਲਈਆਂ ਸਨ। ਇਨ੍ਹਾਂ ਵਿਚੋਂ 9 ਕੰਪਨੀਆਂ ਤਾਂ ਸਿਰਫ 4 ਸਾਲ ਵਿਚ ਖੜ੍ਹੀ ਕੀਤੀਆਂ ਹਨ। ਇਹੀ ਕਾਰਨ ਸੀ ਕਿ ਬਾਬਾ ਦਾ ਮਕਸਦ 5 ਸਾਲ ਵਿਚ ਕਾਰੋਬਾਰ ਨੂੰ 5000 ਕਰੋੜ ਤੱਕ ਲੈ ਜਾਣਾ ਸੀ। ਹੁਣ ਡੇਰੇ ਦੀ ਤਮਾਮ ਪ੍ਰਾਪਰਟੀ ਅਟੈਚ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।  ਦੰਗਿਆਂ  ਕਾਰਨ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਵੀ ਹਰਿਆਣਾ-ਪੰਜਾਬ ਸਰਕਾਰਾਂ ਵੀ ਡਿਟੇਲ ਜੁਟਾ ਰਹੀਆਂ ਹਨ। ਐਮਐਸਜੀ ਆਲ ਟਰੇਡਿੰਗ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਮਾਰਚ 2016 ਤੋਂ ਦੇਸ਼ ਵਿਦੇਸ਼ ਵਿਚ ਡੇਰੇ ਦੇ 600 ਤੋਂ ਜ਼ਿਆਦਾ ਨਾਮ ਚਰਚਾ ਘਰਾਂ ਅਤੇ 400 ਡੀਲਰਸ ਦੇ ਜ਼ਰੀਏ 151 ਪ੍ਰੋਡਕਟਸ ਵਿਚ ਐਮਐਸਜੀ ਸ਼ੈਂਪੂ, ਹੇਅਰ ਆਇਲ, ਚਾਹ, ਚੌਲ, ਦਾਲਾਂ, ਬਿਸਕੁਟ, ਆਚਾਰ ਤੇ ਮਿਨਰਲ ਵਾਟਰ ਆਦਿ ਵੇਚਦੀ ਰਹੀ ਹੈ। ਹੁਣ ਕੈਨੇਡਾ, ਇੰਗਲਂਡ, ਜਰਮਨੀ ਅਤੇ ਆਸਟ੍ਰੇਲੀਆ ਵਿਚ ਆਨਲਾਈਨ ਵਿਕਰੀ ਠੱਪ ਹੈ।

ਹੋਰ ਖਬਰਾਂ »