ਨਵੀਂ ਦਿੱਲੀ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੀਆਂਮਾਰ ਦੌਰੇ ਦੇ ਆਖ਼ਰੀ ਦਿਨ ਵੀਰਵਾਰ ਨੂੰ ਬਹਾਦੁਰ ਸ਼ਾਹ ਜਫ਼ਰ ਦੀ ਯੰਗੂਨ ਸਥਿਤ ਮਜਾਰ 'ਤੇ ਗਏ। ਇਥੇ ਉਨ•ਾਂ ਨੇ ਅੰਤਿਮ ਮੁਗ਼ਲ ਬਾਦਸ਼ਾਹ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਜਦੋਂ 2012 'ਚ ਇਸ ਸਾਊਥ ਈਸਟ ਏਸ਼ਿਆਈ ਦੇਸ਼ ਦਾ ਦੌਰਾ ਕੀਤਾ ਸੀ, ਤਾਂ ਉਹ ਇਸ ਮਜਾਰ 'ਤੇ ਗਏ ਸੀ। ਸ਼ਾਹ ਦੇ ਮਕਬਰੇ ਦੀ ਅਹਿਮੀਅਤ : ਸ਼ਾਹ ਦੀ ਕਬਰ ਨੂੰ ਭਾਰਤ ਲਿਆਉਣ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਬਹਾਦੁਰ ਸ਼ਾਹ ਦੀ ਮੌਤ ਸਾਲ 1862 'ਚ 89 ਸਾਲ ਦੀ ਉਮਰ 'ਚ ਹੋਈ ਸੀ ਅਤੇ ਉਨ•ਾਂ ਨੂੰ ਬ੍ਰਿਟਿਸ਼ ਹਕੂਮਤ ਨੇ ਮੀਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ 'ਚ ਹੀ ਦਫ਼ਨਾ ਦਿੱਤਾ। ਜਫ਼ਰ ਨੇ 1857 ਦੀ ਕ੍ਰਾਂਤੀ ਮਗਰੋਂ ਆਪਣੇ ਆਖਰੀ ਸਾਲ ਦੇਸ਼ ਨਿਕਾਲੇ ਮਗਰੋਂ ਮੀਆਂਮਾਰ 'ਚ ਹੀ ਗੁਜ਼ਾਰੇ ਸਨ। ਮੰਨਿਆ ਜਾਂਦਾ ਹੈ ਕਿ ਬ੍ਰਿਟਿਸ਼ ਹਕੂਮਤ ਨੇ ਆਖ਼ਰੀ ਮੁਗ਼ਲ ਬਾਦਸ਼ਾਹ ਦੀ ਕਬਰ ਨੂੰ ਲੁਕਾ ਦਿੱਤਾ ਸੀ ਤਾਂਕਿ ਦਫ਼ਨ ਨਾਲ ਜੁੜੇ ਠਿਕਾਣੇ ਦਾ ਠੀਕ-ਠੀਕ ਪਤਾ ਨਾ ਚੱਲ ਸਕੇ। ਹਾਲਾਂਕਿ 1991 'ਚ ਜਦੋਂ ਇਸ ਛਿਪੀ ਹੋਈ ਕਬਰ ਦੀ ਖੁਦਾਈ ਹੋਈ ਤਾਂ ਮੌਜੂਦਾ ਮਜਾਰ ਦੇ ਅਵਸ਼ੇਸ਼ ਮਿਲੇ। ਬਾਦਸ਼ਾਹ ਦੀ ਪਤਨੀ ਜ਼ੀਨਤ ਮਹਲ ਅਤੇ ਉਨ•ਾਂ ਦੀ ਪੋਤੀ ਰੌਨਕ ਜ਼ਮਾਨੀ ਬੇਗਮ ਨੂੰ ਵੀ ਉਥੇ ਦਫ਼ਨਾਇਆ ਗਿਆ ਅਤੇ ਉਨ•ਾਂ ਦੀਆਂ ਕਬਰਾਂ ਵੀ ਇਸ ਮਕਬਰੇ 'ਚ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਕਾਲੀ ਮੰਦਰ 'ਚ ਪੂਜਾ ਕੀਤੀ। ਇਹ ਮੰਦਰ ਪੀ. ਰਾਮਾਨਜੁਮ ਚੇਟੀ ਨੇ 1871 'ਚ ਬਣਵਾਇਆ ਸੀ, ਜੋ 1869 'ਚ ਆਂਧਰਾ ਪ੍ਰਦੇਸ਼ ਦੇ ਬੇਲਾਰੀ ਤੋਂ ਮੀਆਂਮਾਰ ਪੁੱਜੇ ਸੀ। ਬਾਦਅ 'ਚ ਉਨ•ਾਂ ਨੇ ਇਸ ਪ੍ਰਾਪਰਟੀ ਨੂੰ ਚਾਰ ਟਰੱਸਟੀਆਂ ਨੂੰ ਸੌਂਪ ਦਿੱਤਾ ਜਿਨ•ਾਂ ਨੇ ਯੰਗੂਨ 'ਚ ਮੌਜੂਦ ਭਾਰਤੀ ਭਾਈਚਾਰਿਆਂ ਵਿਚਾਲੇ ਇਸ ਮੰਦਰ ਨੂੰ ਲੋਕਪ੍ਰਿਯ ਬਣਾਇਆ। ਮੋਦੀ ਨੇ ਬਾਗਾਨ ਸ਼ਹਿਰ ਦਾ ਵੀ ਦੌਰਾ ਕੀਤਾ। ਬਾਗਾਨ ਟਾਵਰ ਤੋਂ 200 ਤੋਂ ਵੀ ਜ਼ਿਆਦਾ ਮੰਦਰਾਂ ਅਤੇ ਹੋਰ ਸਮਾਰਕਾਂ ਦਾ ਮਨੋਰਮ ਦ੍ਰਿਸ਼ ਨਜ਼ਰ ਆਉਂਦਾ ਹੈ। ਇਹ ਮੰਦਰ 11ਵੀਂ ਤੋਂ 13ਵੀਂ ਸਦੀ ਵਿਚਾਲੇ ਬਣਾਏ ਗਏ ਸੀ। ਬਾਗਾਨ 'ਚ ਭੂਚਾਲ ਨਾਲ ਤਬਾਹ ਹੋਏ ਪਗੌੜਾ ਸਾਂਭ ਸੰਭਾਲ ਲਈ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬਨਿਟ ਨੇ 30 ਅਗਸਤ ਨੂੰ ਭਾਰਤ ਅਤੇ ਮੀਆਂਮਾਰ ਵਿਚਾਲੇ ਐਸਓਯੂ ਨੂੰ ਮਨਜ਼ੂਰੀ ਦਿੱਤੀ ਸੀ। ਮੋਦੀ ਜਨਰਲ ਆਂਗ ਸਾਂਗ ਦੀ ਯਾਦਗਾਰ 'ਤੇ ਵੀ ਗਏ। 

ਹੋਰ ਖਬਰਾਂ »