ਚੰਡੀਗੜ, 10 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਵਾਲੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ 'ਤੇ ਗੰਭੀਰ ਦੋਸ਼ ਲਗਾਏ ਹਨ। ਅੰਸ਼ੁਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਪੱਤਰਕਾਰ ਵਾਰਤਾ 'ਚ ਉਨ੍ਹਾਂ ਨੇ ਕਿਹਾ ਕਿ ਪਰਨੀਤ ਕੌਰ ਤੋਂ ਇਲਾਵਾ ਕੈਪਟਨ ਅਮਰਿੰਦਰ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਤੇ ਸੀਨੀਅਰ ਕਾਂਗਰਸ ਨੇਤਾ ਹਰਮਿੰਦਰ ਸਿੰਘ ਜੱਸੀ ਨੇ ਵੀ ਰਾਮ ਰਹੀਮ ਨੂੰ ਸੀ. ਬੀ. ਆਈ. ਜਾਂਚ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਅੰਸ਼ੁਲ ਨੇ ਦੋਸ਼ ਲਗਾਇਆ ਕਿ 2005 'ਚ ਡੇਰਾ ਪ੍ਰੇਮੀਆਂ ਨੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਚੰਡੀਗੜ੍ਹ 'ਚ ਜਾਮ ਲਗਾਇਆ ਸੀ, ਤਾਂ ਪਰਨੀਤ ਕੌਰ ਡੇਰਾ ਪ੍ਰੇਮੀਆਂ ਦੇ ਨਾਲ ਦਿੱਲੀ ਪਹੁੰਚ ਗਈ ਸੀ। ਉਥੇ ਉਹ ਸੀ. ਬੀ. ਆਈ. ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੁੱਝ ਆਗੂਆਂ ਨਾਲ ਮਿਲੀ ਸੀ। ਅੰਸ਼ੁਲ ਨੇ ਕਿਹਾ ਕਿ ਬਾਅਦ 'ਚ ਜਦ ਸੀ. ਬੀ. ਆਈ. ਦੀ ਟੀਮ ਜਾਂਚ ਲਈ ਸਿਰਸਾ ਪਹੁੰਚੀ ਤਾਂ ਭਰਾ ਇੰਦਰ ਸਿੰਘ ਚਹਿਲ ਤੇ ਹਰਮਿੰਦਰ ਸਿੰਘ ਜੱਸਾ ਵੀ ਸਿਰਸਾ ਪਹੁੰਚ ਗਏ ਸਨ। ਸੀ.ਬੀ. ਆਈ. ਟੀਮ ਉਥੇ ਪੀ. ਡਬਲਿਊ. ਡੀ ਦੇ ਰੈਸਟ ਹਾਊਸ 'ਚ ਠਹਿਰੀ ਸੀ। ਉਸ ਸਮੇਂ ਦੋਨਾਂ ਨੇ ਦਿੱਲੀ ਫੋਨ ਕਰ ਕੇ ਜਾਂਚ ਟੀਮ ਨੂੰ ਵਾਪਸ ਭੇਜਣ ਲਈ ਕੇਂਦਰ 'ਤੇ ਦਬਾਅ ਬਣਾਇਆ ਸੀ।
ਦੂਜੇ ਪਾਸੇ, ਭਰਤ ਇੰਦਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਉਹ ਨਾ ਤਾਂ ਕਦੇ ਗੁਰਮੀਤ ਰਾਮ ਰਹੀਮ ਨੂੰ ਮਿਲੇ ਹਨ ਤੇ ਨਾ ਹੀ ਸੀ. ਬੀ. ਆਈ. ਦੀ ਜਾਂਚ ਦੌਰਾਨ ਸਿਰਸਾ ਗਏ ਸਨ। ਉਨ੍ਹਾਂ ਵਿਰੁੱਧ ਲਾਏ ਜਾ ਰਹੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਅੰਸ਼ੁਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਇਨੈਲੋ, ਭਾਜਪਾ ਤੇ ਕਾਂਗਰਸ ਦੇ ਆਗੂ ਗੁਰਮੀਤ ਰਾਮ ਰਹੀਮ ਦੇ ਨਾਲ ਸਨ। ਇਸ ਕਾਰਨ ਇਨ੍ਹਾਂ ਪਾਰਟੀਆਂ ਨੇ ਡੇਰਾ ਮੁਖੀ ਵਿਰੁੱਧ ਇਕ ਸ਼ਬਦ ਨਹੀਂ ਬੋਲਿਆ।

ਹੋਰ ਖਬਰਾਂ »