ਫਲੋਰਿਡਾ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਮੁੰਦਰੀ ਤੂਫਾਨ ਇਰਮਾ ਅਤੇ ਇਸ ਤੋਂ ਪਹਿਲਾਂ ਆਏ ਤੂਫ਼ਾਨਾਂ ਦੇ ਕਾਰਨ ਬੇਘਰ ਹੋਏ ਲੋਕਾਂ ਦੀ ਮਦਦ ਦੇ ਲਈ ਸਿੱਖ ਤੇ ਹਿੰਦੂ ਅੱਗੇ ਆਏ ਹਨ।  ਬੇਘਰ ਹੋਏ ਹਜ਼ਾਰਾਂ ਲੋਕਾਂ ਦੇ ਲਈ ਇਨ੍ਹਾਂ ਨੇ ਅਪਣੇ ਘਰ, ਹੋਟਲਾਂ ਅਤੇ ਮੋਟਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਨ੍ਹਾਂ ਦੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਫਲੋਰਿਡਾ ਵਿਚ ਸੁਰੱਖਿਅਤ ਖੇਤਰਾਂ ਵਿਚ ਰਹਿਣ ਵਾਲੇ ਭਾਰਤੀ-ਅਮਰੀਕੀਆਂ ਨੇ ਪ੍ਰਭਾਵਤ ਖੇਤਰਾਂ ਤੋਂ ਆਏ ਲੋਕਾਂ ਦੀ ਮਦਦ ਦੇ ਲਈ ਅਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅਟਲਾਂਟਾਂ ਵਿਚ ਭਾਰਤੀ  ਕੌਂਸਲੇਟ  ਲਗਾਤਾਰ ਭਾਰਤੀ-ਅਮਰੀਕੀ ਸੰਗਠਨਾਂ ਦੀ ਮਦਦ ਨਾਲ ਪੀੜਤਾਂ ਤੱਕ ਮਦਦ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਫਲੋਰਿਡਾ ਤੋਂ ਲੈ ਕੇ ਅਟਲਾਂਟਾਂ ਤੱਕ ਕਈ ਮੰਦਰਾਂ ਨੇ ਅਪਣੇ ਦਰਵਾਜ਼ੇ ਤੂਫ਼ਾਨ ਪੀੜਤਾਂ ਦੀ ਮਦਦ ਦੇ ਲਈ ਖੋਲ੍ਹ ਦਿੱਤੇ ਹਨ ਅਤੇ ਉਨ੍ਹਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਟਲਾਂਟਾਂ ਵਿਚ ਹੀ ਚਾਰ ਮੰਦਰਾਂ ਵਿਚ ਫਲੋਰਿਡਾ ਤੋਂ ਆ ਰਹੇ ਲੋਕਾਂ ਦੇ ਲਈ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦਾ ਸਹਾਰਾ ਬਣ ਚੁੱਕੇ ਹਨ ਅਤੇ ਲਗਾਤਾਰ ਰਾਹਤ ਤੇ ਬਚਾਅ ਕਾਰਜ ਚਲ ਰਹੇ ਹਨ। ਯੂਨਾਈਟਡ ਸਿੱਖਸ ਟੈਕਸਾਸ ਤੋਂ ਲੈ ਕੇ ਫਲੋਰਿਡਾ ਤੱਕ ਵਿਚ ਰਾਹਤ ਕਾਰਜਾਂ ਵਿਚ ਮਦਦ ਕਰ ਰਿਹਾ ਹੈ। ਐਮਰਜੈਂਸੀ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਦੇ ਲਈ ਪੂਰੇ ਅਮਰੀਕਾ ਵਿਚ ਸਿੱਖਾਂ ਨੂੰ ਤੁਰੰਤ ਜ਼ਿਆਦਾ ਤੋਂ ਜ਼ਿਆਦਾ ਦਾਨ ਦੇਣ ਅਤੇ ਰਾਹਤ ਸਮੱਗਰੀ ਭੇਜਣ ਦੀ ਵਿਸ਼ੇਸ਼ ਅਪੀਲ ਵੀ ਕੀਤੀ ਗਈ ਹੈ।
ਇੰਡੀਅਨ ਫਰੈਂਡਸ ਆਫ਼ ਅਟਲਾਂਟਾਂ ਵੀ 100 ਤੋਂ ਜ਼ਿਆਦਾ ਲੋਕਾਂ ਦੇ ਲਈ ਰੁਕਣ ਦਾ ਪ੍ਰਬੰਧ ਕਰ ਰਿਹਾ ਹੈ। ਭਾਰਤੀ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਭਾਵਤਾਂ ਦੀ ਮਦਦ ਦੇ ਲਈ ਪੂਰਾ ਪ੍ਰਬੰਧ ਕਰ ਲਿਆ ਹੈ। ਓਰਲੈਂਡੋ ਵਿਚ ਵੀ ਭਾਰਤੀ ਮੂਲ ਦੇ 400 ਤੋਂ ਜ਼ਿਆਦਾ ਪਰਿਵਾਰਾਂ ਨੇ ਤੂਫ਼ਾਨ ਪੀੜਤਾਂ ਦੀ ਮਦਦ ਦੇ ਲਈ ਅਪਣੇ ਘਰ ਦੇਣ ਦੀ ਪੇਸ਼ਕਸ਼ ਕੀਤੀ ਹੈ।  ਵਿਭਿੰਨ ਭਾਰਤੀ-ਅਮਰੀਕੀ ਸੰਗਠਨ ਅਤੇ ਧਾਰਮਿਕ ਸੰਸਥਾਨ ਹੁਣ ਤੱਕ ਦੋ ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੀ ਮਦਦ ਕਰ ਚੁੱਕੇ ਹਨ। ਕਈ ਭਾਰਤੀ-ਅਮਰੀਕੀਆਂ ਨੇ ਅਪਣੇ ਹੋਟਲਾਂ ਅਤੇ ਮੋਟਲਾਂ ਦੇ ਖਾਲੀ ਕਮਰਿਆਂ ਨੂੰ ਵੀ ਤੂਫਾਨ ਪੀੜਤਾਂ ਦੇ ਲਈ ਖੋਲ੍ਹ ਦਿੱਤਾ ਹੈ।  ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ, ਹਿਊਸਟਨ ਵਿਚ ਆਏ ਤੂਫ਼ਾਨ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਦੇ ਲਈ ਲਗਾਤਾਰ ਰਾਹਤ ਸਮੱਗਰੀ ਭੇਜ ਰਿਹਾ ਹੈ।

ਹੋਰ ਖਬਰਾਂ »