ਨਵੀਂ ਦਿੱਲੀ : 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਸਾਲ 1984 ਦੀਆਂ ਆਮ ਚੋਣਾਂ 'ਚ ਕਾਂਗਰਸ ਨੂੰ ਜਿੱਥੇ 426 ਸੀਟਾਂ 'ਤੇ ਜਿਥੇ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਸੀ, ਉਥੇ ਹੀ ਭਾਰਤੀ ਰਾਜਨੀਤੀ 'ਚ ਆਪਣੇ ਆਪ ਨੂੰ ਸਥਾਪਤ ਕਰਨ ਦੀ ਕੋਸ਼ਿਸ਼ 'ਚ ਲੱਗੀ ਭਾਜਪਾ ਨੂੰ ਸਿਰਫ਼ ਦੋ ਸੀਟਾਂ 'ਤੇ ਹੀ ਸਬਰ ਦਾ ਘੁਟ ਭਰਨਾ ਪਿਆ ਸੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਹੁਲ ਗਾਂਧੀ ਨੇ ਅਮਰੀਕਾ 'ਚ ਬਰਕਲੇ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਸਾਲ 1984 ਤੋਂ ਲੈ ਕੇ 2014 ਤੱਕ ਦਾ ਦੌਰ ਦਿਲਚਸਪ ਸੀ। ਉਨਾਂ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਪੈਰ ਜਮਾਂ ਚੁੱਕੀ ਕਾਂਗਰਸ ਦਾ ਤਜ਼ਰਬਾ ਜ਼ਿਆਦਾ ਸੀ। ਇਹ ਗੱਲ ਵੱਖ ਹੈ ਕਿ 2004 ਤੋਂ ਲੈ ਕੇ 2014 ਤੱਕ ਯੂਪੀਏ ਸਰਕਾਰ ਦੀ ਕਾਂਗਰਸ ਅਗਵਾਈ ਕਰ ਰਹੀ ਸੀ। ਇਨਾਂ ਸਾਰਿਆਂ ਸਥਿਤੀਆਂ ਦੇ ਚੱਲਦਿਆਂ ਕਾਂਗਰਸ ਦੀਆਂ ਨੀਤੀਆਂ ਨੂੰ ਉਜਾਗਰ ਕਰਦਿਆਂ ਭਾਜਪਾ ਹੌਲੀ ਹੌਲੀ ਆਪਣੇ ਦੇਸ਼ ਦੇ ਸਾਰੇ ਹਿੱਸਿਆਂ 'ਚ ਆਪਣੇ ਆਪ ਨੂੰ ਸਥਾਪਤ ਕਰਨ ਦੀ ਪੁਰਜ਼ੋਰ ਕੋਸ਼ਿਸ਼ 'ਚ ਲੱਗੀ ਹੋਈ ਸੀ। ਉਨਾਂ ਕਿਹਾ ਕਿ 2014 ਦੀਆਂ ਆਮ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ। ਦੇਸ਼ 'ਚ 1984 ਤੋਂ ਬਾਅਦ ਇਹ ਪਹਿਲੀ ਵਾਰ ਕਿਸੇ ਪਾਰਟੀ ਨੇ ਆਪਣੇ ਬੁਤੇ 'ਤੇ ਸਰਕਾਰ ਨੂੰ ਟੱਕਰ ਦਿੱਤੀ। ਉਨਾਂ ਕਿਹਾ ਕਿ 2014 'ਚ ਕਾਂਗਰਸ ਦਾ ਪ੍ਰਦਰਸ਼ਨ ਸੋਧ ਦਾ ਵਿਸ਼ਾ ਹੈ। ਕਾਂਗਰਸ ਦੇ ਰਣਨੀਤੀਕਾਰ ਵੀ ਇਸ ਗੱਲ ਨੂੰ ਮੰਨਦੇ ਸਨ ਕਿ ਯੂਪੀਏ 2 ਦੌਰਾਨ ਘੁਟਾਲੇ ਦੀਆਂ ਖ਼ਬਰਾਂ ਨੇ ਕਾਂਗਰਸੀ ਚਿਹਰਿਆਂ ਨੂੰ ਮੁਰਝਾ ਦਿੱਤਾ ਸੀ। ਉਨਾਂ ਕਿਹਾ ਕਿ ਇਹ ਗੱਲ ਵੱਖ ਹੈ ਕਿ ਜਦੋਂ ਇਸ ਵਿਸ਼ੇ 'ਤੇ ਉਨਾਂ ਨੂੰ ਪੁੱਛਿਆ ਗਿਆ, ਪਰ ਉਹ ਇਸ ਗੱਲ ਦਾ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਰਹੇ। ਦੱਸ ਦੀਏ ਕਿ ਰਾਹੁਲ ਗਾਂਧੀ ਅਮਰੀਕੀ ਦੀ ਬਰਕਲੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਵੱਖਰੇ ਢੰਗ ਨਾਲ ਰੂ ਬ ਰੂ ਹੁੰਦੇ ਨਜ਼ਰ ਆਏ। ਉਨਾਂ ਨੇ ਇੱਕੋ ਗੱਲ ਕਹੀ ਕਿ 2012 'ਚ ਕਾਂਗਰਸ ਨੂੰ ਹੰਕਾਰ ਦੀ ਚਾਦਰ ਨੇ ਲਪੇਟ ਲਿਆ ਸੀ। ਰਾਹੁਲ ਗਾਂਧੀ ਨੇ ਮੰਨਿਆ ਕਿ ਸਾਲ 2012 ਦੇ ਨੇੜੇ ਤੇੜੇ ਕਾਂਗਰਸ ਹੰਕਾਰ 'ਚ ਚੂਰ ਸੀ, ਇਸ ਲਈ ਕਾਫ਼ੀ ਨੁਕਸਾਨ ਝੱਲਣਾ ਪਿਆ। ਦੱਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਹਨ ਅਤੇ ਜਿਸ ਸਮੇਂ ਦੀ ਰਾਹੁਲ ਗਾਂਧੀ ਗੱਲ ਕਰ ਰਹੇ ਹਨ, ਉਸ ਸਮੇਂ ਕਾਂਗਰਸ ਪੂਰੇ ਸਿਖਰਾਂ 'ਤੇ ਸੀ। ਹਾਲਾਂਕਿ ਇਸ ਤੋਂ ਬਾਅਦ ਹੌਲੀ ਹੌਲੀ ਰਾਹੁਲ ਗਾਂਧੀ ਦਾ ਕੱਦ ਪਾਰਟੀ ਵਿੱਚ ਵਧਦਾ ਗਿਆ। ਉਨਾਂ ਕਿਹਾ ਕਿ ਇਸ ਤੋਂ ਬਾਅਦ ਪਾਰਟੀ ਨੂੰ ਪੁਨਰ ਨਿਰਮਾਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਕਈ ਵੱਡੇ ਦਿੱਗਜਾਂ ਨੇ ਗਲਤੀਆਂ ਕੀਤੀਆਂ ਹਨ। ਉਨਾਂ ਕਿਹਾ ਕਿ 2012 'ਚ ਪਾਰਟੀ ਨੂੰ ਹੰਕਾਰ ਸੀ। ਉਨਾਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜੋ ਕੁਝ ਕਰ ਰਹੇ ਹਨ, ਇਹ ਤਾਂ ਅਸੀਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ, ਜਿਵੇਂ ਕਿ ਮਗਨਰੇਗਾ, ਜੀਐਸਟੀ ਆਦਿ। ਉਧਰ ਇੱਕ ਜਾਣਕਾਰ ਸਿਆਸਤਦਾਨ ਮਾਹਿਰ ਸ਼ਿਵਾਜੀ ਨੇ ਕਿਹਾ ਕਿ ਖੁਦ ਦੀ ਅਲੋਚਨਾ ਕਰਨਾ ਵੀ ਇੱਕ ਵੱਡਾ ਕਦਮ ਹੈ। ਜੇਕਰ ਰਾਹੁਲ ਗਾਂਧੀ ਨੂੰ ਇਹ ਲੱਗਦਾ ਹੈ ਕਿ ਹੰਕਾਰ ਹੀ 2014 ਦੀਆਂ ਚੋਣਾਂ 'ਚ ਵੱਡਾ ਕਾਰਨ ਸੀ ਤਾਂ ਕਾਂਗਰਸ ਪਾਰਟੀ ਲਈ ਇਹ ਸ਼ੁਭ ਸੰਕੇਤ ਹੋਣਗੇ। ਉਨਾਂ ਕਿਹਾ ਕਿ ਘੱਟੋ ਘੱਟ ਕਾਂਗਰਸ ਦੇ ਉਚ ਆਗੂਆਂ ਨੇ ਇਸ ਤਰਾਂ ਦੇ ਬਿਆਨ ਦੇਣ ਦੀ ਹਿੰਮਤ ਤਾਂ ਕੀਤੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਂਗਰਸ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲਵੇਗੀ।

ਹੋਰ ਖਬਰਾਂ »

ਰਾਸ਼ਟਰੀ