ਨਵੀਂ ਦਿੱਲੀ : 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਦੇਸ਼ ਭਰ ਦੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗਾਇਡਲਾਇਨ ਬਣਾਉਣ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਸੁਣਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਕੋਰਟ ਇਸ ਅਰਜ਼ੀ 'ਤੇ 15 ਸਤੰਬਰ ਨੂੰ ਸੁਣਵਾਈ ਕਰੇਗਾ। ਵਕੀਲ ਆਭਾ ਸ਼ਰਮਾ ਤੇ ਹੋਰ ਵਕੀਲਾਂ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ ਕੀਤੀ ਹੈ।  ਇਸ ਅਰਜ਼ੀ 'ਚ ਕਿਹਾ ਗਿਆ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ ਦੀ ਘਟਨਾ ਤੋਂ ਬਾਅਦ ਦੇਸ਼ ਭਰ ਦੇ ਮਾਪਿਆਂ 'ਚ ਡਰ ਦਾ ਮਾਹੌਲ ਹੈ। ਬੱਚਿਆਂ ਦੀ ਸੁਰੱਖਿਆ ਲਈ ਜਿਹੜੀ ਪਾਲਸੀ ਤਿਆਰ ਕੀਤੀ ਗਈ ਹੈ, ਉਸ ਮੁਤਾਬਕ ਜ਼ਿਆਦਾਤਰ ਸਕੂਲ ਉਸ ਦਾ ਪਾਲਣ ਨਹੀਂ ਕਰਦੇ। ਸੁਪਰੀਮ ਕੋਰਟ ਹੁਕਮ ਜਾਰੀ ਕਰੇ ਕਿ ਇਸ ਦਾ ਸਹੀ ਤਰੀਕੇ ਨਾਲ ਪਾਲਣ ਹੋਵੇ। ਇਸ ਤੋਂ ਇਲਾਵਾ ਦੇਸ਼ ਭਰ 'ਚ ਬੱਚਿਆਂ ਦੀ ਸੁਰੱਖਿਆ ਲਈ ਵਾਧੂ ਗਾਇਡਲਾਇਨ ਬਣਾਈ ਗਈ ਹੈ। ਅਰਜ਼ੀ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਪਹਿਲਾਂ ਤੋਂ ਹੀ ਦਿਸ਼ਾ ਨਿਰਦੇਸ਼ ਬਣਾਏ ਗਏ ਹਨ, ਜੇਕਰ ਕੋਈ ਸਕੂਲ ਉਨਾਂ ਦਾ ਪਾਲਣ ਨਹੀਂ ਕਰਦਾ ਤਾਂ ਉਨਾਂ ਸਕੂਲਾਂ ਦਾ ਲਾਇਸੰਸ ਰੱਦ ਕੀਤਾ ਜਾਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੀ ਹੱਤਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਹਰਿਆਣਾ ਦੇ ਡੀਜੀਪੀ, ਸੀਬੀਆਈ ਅਤੇ ਸੀਬੀਐਸਈ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫਤਿਆਂ 'ਚ ਜਵਾਬ ਮੰਗਿਆ ਸੀ। 
ਪ੍ਰਦੂਮਨ ਦੇ ਪਿਤਾ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹੀ ਨੋਟਿਸ ਜਾਰੀ ਕੀਤਾ ਹੈ। ਦੱਸ ਦੀਏ ਕਿ ਇਸ ਮਾਮਲੇ 'ਤੇ ਤਿੰਨ ਹਫ਼ਤਿਆਂ ਬਾਅਦ ਸੁਣਵਾਈ ਹੋਵੇਗੀ। ਪ੍ਰਦੂਮਨ ਦੇ ਪਿਤਾ ਨੇ ਸੁਪਰੀਮ ਕੋਰਟ'ਚ ਦਾਖ਼ਲ ਆਪਣੀ ਅਰਜ਼ੀ 'ਚ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਸੀਬੀਆਈ ਤੋਂ ਫਰੀ ਫੰਡ ਫੇਅਰ ਅਤੇ ਫੁਲਪਰੂਫ਼ ਜਾਂਚ ਕਰਵਾਈ ਜਾਵੇ। ਦੇਸ਼ ਦੇ ਸਾਰੇ ਸਕੂਲਾਂ ਦੀ ਮੈਨੇਜਮੈਂਟ ਦੀ ਜਵਾਬਦੇਹੀ, ਦੇਣਦਾਰੀ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ।  ਉਨਾਂ ਕਿਹਾ ਕਿ ਭਵਿੱਖ 'ਚ ਸਕੂਲ ਅੰਦਰ ਬੱਚਿਆਂ ਨਾਲ ਕਿਸੇ ਵੀ ਤਰਾਂ ਦੀ ਘਟਨਾ ਹੁੰਦੀ ਹੈ ਤਾਂ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ, ਪ੍ਰਮੋਟਰ ਸਾਰਿਆਂ ਖਿਲਾਫ਼ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਕਾਰਵਾਈ ਹੋਵੇ। ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰਾਂ ਦੀ ਘਟਨਾ ਹੋਣ 'ਚ ਸਕੂਲ ਦੀ ਮਾਨਤਾ ਜਾਂ ਲਾਇਸੰਸ ਰੱਦ ਕੀਤਾ ਜਾਵੇ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਪ੍ਰਧਾਨਗੀ 'ਚ ਇੱਕ ਕਮਿਸ਼ਨ ਬਣਾਇਆ ਜਾਵੇ ਜਿਹੜਾ ਸਕੂਲਾਂ ਨੂੰ ਲੈ ਕੇ ਸਿਫਾਰਸ਼ ਦੇਵੇ। ਪ੍ਰਦੂਮਨ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਰਟ ਦਿਸ਼ਾ ਨਿਰਦੇਸ਼ ਜਾਰੀ ਕਰੇ। ਸਕੂਲਾਂ 'ਚ ਇਸ ਤਰਾਂ ਦੀਆਂ ਵਾਪਰਨ ਵਾਲੀਆਂ ਘਟਨਾਵਾਂ 'ਤੇ ਸੁਣਵਾਈ ਲਈ ਇੱਕ ਆਜ਼ਾਦ ਸੰਵਿਧਾਨਕ ਬੋਰਡ ਜਾਂ ਟ੍ਰਿਬਿਊਨਲ ਦਾ ਗਠਨ ਕੀਤਾ ਜਾਵੇ। ਸਕੂਲਾਂ ਵਿੱਚ ਸੁਰੱਖਿਆ ਨੂੰ ਲੈ ਕੇ ਸਿਫਾਰਸ਼ ਦਿੱਤੀ। ਪ੍ਰਦੂਮਣ ਦੇ ਪਿਤਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਆਜ਼ਾਦ ਅਤੇ ਨਿਰਪੱਖ਼ ਸੀਬੀਆਈ ਜਾਂਚ ਕਰਵਾਈ ਜਾਵੇ। ਉਨਾਂ ਕਿਹਾ ਕਿ ਐਸਆਈਟੀ ਦੀ ਜਾਂਚ ਸਿਰਫ਼ ਸਕੂਲ ਦੀ ਲਾਪ੍ਰਵਾਹੀ 'ਤੇ ਹੈ, ਇਸ ਹੱਤਿਆ ਦਾ ਪੂਰਾ ਸੱਚ ਸਾਹਮਣੇ ਨਹੀਂ ਆਇਆ ਹੈ। ਉਨਾਂ ਕਿਹਾ ਕਿ ਹੱਤਿਆ ਪਿੱਛੇ ਕਿਹੜੇ ਕੌਣ ਕੌਣ ਹਨ ਅਤੇ ਕਿਉਂ ਮਾਰਿਆ ਗਿਆ? ਉਨਾਂ ਕਿਹਾ ਕਿ ਇਸ ਮਾਮਲੇ ਦਾ ਕੋਈ ਵੀ ਦੋਸ਼ੀ ਬਚਣਾ ਨਹੀਂ ਚਾਹੀਦਾ। ਉਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੰਡਕਟਰ ਕੋਲ ਹਥਿਆਰ ਹੋਵੇ ਤੇ ਉਹ ਪਖ਼ਾਨੇ 'ਚ ਹੀ ਮੌਜੂਦ ਹੋਵੇ।

ਹੋਰ ਖਬਰਾਂ »

ਰਾਸ਼ਟਰੀ