ਪੁਣੇ : 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਕਰੀਬ 85 ਦਿਨਾਂ ਤੱਕ ਕੋਮਾ 'ਚ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਨੂੰ ਉਸ ਦੇ ਨਵਜੰਮੇ ਬੱਚੇ ਸਮੇਤ ਬਚਾਉਣ 'ਚ ਡਾਕਟਰਾਂ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਥਾਨਕ ਰੂਬੀ ਹਾਲ ਕਲੀਨਿਕ 'ਚ ਪਿਛਲੀ 20 ਮਾਰਚ ਤੋਂ ਮੱਧਪ੍ਰਦੇਸ਼ ਦੇ ਬੁਰਹਾਨਪੁਰ ਦੀ ਰਹਿਣ ਵਾਲੀ 32 ਸਾਲਾ ਗਰਭਵਤੀ ਮਹਿਲਾ ਪ੍ਰਗਤੀ ਸਾਧਵਾਨੀ ਦਾ ਇਲਾਜ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਪ੍ਰਗਤੀ ਦੇ ਲੰਬੇ ਸਮੇਂ ਤੱਕ ਕੋਮਾ 'ਚ ਰਹਿਣ ਕਾਰਨ ਸਾਰੀਆਂ ਉਮੀਦਾਂ ਟੁੱਟ ਗਈਆਂ ਸਨ, ਪਰ ਆਖ਼ਰਕਾਰ ਡਾਕਟਰਾਂ ਨੇ ਉਸਦੇ ਨਵਜੰਮੇ ਬੱਚੇ ਨੂੰ ਬਚਾ ਲਿਆ। ਪਰਿਵਾਰ ਨੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮੱਧਪ੍ਰਦੇਸ਼ ਨੂੰ ਵੀ ਪੱਤਰ ਲਿਖਿਆ ਹੈ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਸਪਤਾਲ ਨੇ ਮਹਿਲਾ ਦੇ ਇਲਾਜ ਸਬੰਧੀ ਖਰਚੇ 'ਤੇ ਵੀ ਪਰਿਵਾਰ ਦੀ ਮੱਦਦ ਕੀਤੀ ਹੈ। ਦੱਸ ਦੀਏ ਕਿ ਪਿਛਲੇ 8 ਸਾਲਾਂ ਤੋਂ ਡਾਇਬੀਟਿਜ਼ ਨਾਲ ਪੀੜਤ ਪ੍ਰਗਤੀ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਗਰਭਵਤੀ ਸੀ, ਜਦੋਂ ਉਨਾਂ ਨੂੰ ਪਿਛਲੀ 5 ਮਾਰਚ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ। ਇੱਕ ਨਿੱਜੀ ਹਸਪਤਾਲ 'ਚ ਇਲਾਜ ਸ਼ੁਰੂ ਹੋਇਆ, ਪਰ ਹਾਲਤ 'ਚ ਜ਼ਿਆਦਾ ਸੁਧਾਰ ਨਾ ਹੋਣ ਤੋਂ ਬਾਅਦ ਪਰਿਵਾਰ ਨੇ ਰੂਬ ਹਾਲ ਕਲੀਨਿਕ 'ਚ ਨਿਊਰੋਲਾਜਿਸਟ ਡਾ. ਰੁਸਤਮ ਵਾਡਿਆ ਤੋਂ ਇਲਾਜ ਕਰਵਾਉਣਾ ਸ਼ੁਰੂ ਕੀਤਾ। ਇੱਥੇ 20 ਮਾਰਚ ਤੋਂ ਪ੍ਰਗਤੀ ਦਾ ਇਲਾਜ ਡਾ. ਰੁਸਤਮ ਅਤੇ ਉਨਾਂ ਦੀ ਟੀਮ ਨੇ ਸ਼ੁਰੂ ਕੀਤਾ। ਬਾਅਦ ਵਿੱਚ ਪ੍ਰਸੂਥਾ ਇਲਾਜ ਦੌਰਾਨ ਇਸੇ ਹਸਪਤਾਲ 'ਚ ਗਾਇਨੋਕਾਲਜਿਸਟ ਡਾ. ਸੁਨੀਤਾ ਤੇਂਦੁਲਬਾਡਕਰ ਦੀ ਨਿਗਰਾਨੀ 'ਚ ਰੱਖਿਆ ਗਿਆ। ਪ੍ਰਗਤੀ ਕਰੀਬ 17 ਹਫਤਿਆਂ ਦੀ ਗਰਭਵਤੀ ਸੀ, ਜਦੋਂ ਡਾਕਟਰਾਂ ਦੀ ਪੂਰੀ ਟੀਮ ਨੇ ਉਨਾਂ ਦੇ ਇਲਾਜ ਦਾ ਪੂਰਾ ਖ਼ਾਕਾ ਤਿਆਰ ਕੀਤਾ। ਡਾਇਟ ਨੂੰ ਲੈ ਕੇ ਕਈ ਤਰਾਂ ਦੀ ਜਾਂਚ ਅਤੇ ਸ਼ੂਗਰ ਦੀ ਮੋਨੀਟਰਿੰਗ ਦੇ ਨਾਲ ਹਰ ਪੱਧਰ 'ਤੇ ਸਾਵਧਾਨੀ ਵਰਤੀ ਗਈ, ਜਿਸ ਤੋਂ ਬਾਅਦ ਨਤੀਜਾ ਸਾਹਮਣੇ ਆਇਆ। ਡਾ ਸੁਨੀਤਾ ਨੇ ਦੱਸਿਆ ਕਿ ਹਸਪਤਾਲ 'ਚ ਭਰਤੀ ਹੋਣ ਦੇ ਕਰੀਬ 85 ਦਿਨਾਂ ਬਾਅਦ ਪਹਿਲੀ ਵਾਰ ਪ੍ਰਗਤੀ ਨਾਲ ਗੱਲ ਕੀਤੀ। ਹੌਲੀ ਹੌਲੀ ਉਸ 'ਚ ਸੁਧਾਰ ਆ ਰਿਹਾ ਹੈ। ਦੱਸ ਦੀਏ ਕਿ ਪ੍ਰਗਤੀ 132 ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਰਹੀ। ਇਸ 'ਚ 22 ਦਿਨ ਤਾਂ ਉਸ ਨੂੰ ਹਾਈ ਡਿਪੇਂਡੈਂਸੀ 'ਚ ਰੱਖਿਆ ਗਿਆ। ਬਾਅਦ 'ਚ ਸੁਧਾਰ ਨੂੰ ਦੇਖਦਿਆਂ ਜਨਰਲ ਵਾਰਡ 'ਚ ਸਿਫਟ ਕਰ ਦਿੱਤਾ ਗਿਆ। ਡਾ. ਸੁਨੀਤਾ ਨੇ ਦੱਸਿਆ ਕਿ ਪ੍ਰਗਤੀ ਨੇ ਜੁਲਾਈ ਅਖੀਰ 'ਚ 2.2 ਕਿਲੋਗ੍ਰਾਮ ਦੀ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ।

ਹੋਰ ਖਬਰਾਂ »