ਨਵੀਂ ਦਿੱਲੀ : 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਦਲੀਪ ਟਰਾਫ਼ੀ 'ਚ ਇੰਡੀਅਨ ਬਲੂ ਟੀਮ ਦੇ ਕਪਤਾਨ ਸੁਰੇਸ਼ ਰੈਨਾ ਮੈਚ ਖੇਡਣ ਕਾਨਪੁਰ ਜਾਂਦੇ ਸਮੇਂ ਸਮੇਂ ਵਾਲ ਵਾਲ ਬਚ ਗਏ ਹਨ। ਜਾਣਕਾਰੀ ਅਨੁਸਾਰ ਸੁਰੇਸ਼ ਰੈਨਾ ਆਪਣੀ ਗੱਡੀ ਰਾਹੀਂ ਗਾਜਿਆਬਾਦ ਤੋਂ ਕਾਨਪੁਰ ਜਾ ਰਹੇ ਸਨ ਅਤੇ ਇਟਾਵਾ ਨੇੜੇ ਉਨਾਂ ਦੀ ਗੱਡੀ ਦਾ ਟਾਇਰ ਫਟ ਗਿਆ। ਹਾਲਾਂਕਿ ਟਾਇਰ ਫਟਣ ਤੋਂ ਬਾਅਦ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਸੁਰੇਸ਼ ਰੈਨਾ ਵਾਲ ਵਾਲ ਬਚੇ। ਖ਼ਬਰਾਂ ਮੁਤਾਬਕ ਰੈਨਾ ਨੂੰ ਇਸ ਘਟਨਾ 'ਚ ਕੋਈ ਚੋਟ ਨਹੀਂ ਆਈ। ਸਥਾਨਕ ਪੁਲਿਸ ਦੀ ਮੱਦਦ ਨਾਲ ਉਨਾਂ ਨੂੰ ਦੂਜੀ ਗੱਡੀ ਰਾਹੀਂ ਕਾਨਪੁਰ ਭੇਜਿਆ ਗਿਆ। ਦੱਸਣਾ ਬਣਦਾ ਹੈ ਕਿ ਰੈਨਾ ਖ਼ੁਦ ਗੱਡੀ ਚਲਾ ਰਹੇ ਸਨ ਤੇ ਇਟਾਵਾ ਦੇ ਨਿਊ ਫਰੈਂਡਜ਼ ਕਲੋਨੀ ਨੇੜੇ ਸਵੇਰੇ 3.30 ਵਜੇ ਟਾਇਰ ਫਟਣ ਦੀ ਘਟਨਾ ਸਾਹਮਣੇ ਆਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਕਰ ਗੱਡੀ ਥੋੜੀ ਹੋਰ ਤੇਜ਼ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਫ਼ਿਲਹਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸੁਰੇਸ਼ ਰੈਨਾ ਦਲੀਪ ਟਰਾਫ਼ੀ 'ਚ ਇੰਡੀਆ ਬਲੂ ਵੱਲੋਂ ਖੇਡਣਗੇ ਅਤੇ ਇਸ ਤੋਂ ਪਹਿਲਾਂ ਉਨਾਂ ਨੇ ਬੁਚੀ ਬਾਬੂ ਟੂਰਨਾਮੈਂਟ 'ਚ ਵੀ ਸ਼ਿਰਕਤ ਕੀਤੀ ਸੀ। 12 ਸਤੰਬਰ ਤੋਂ ਰੈਨਾ ਦੀ ਇੰਡੀਆ ਬਲੂ ਦਾ ਸਾਹਮਣਾ ਕਾਨਪੁਰ ਦੇ ਗਰੀਨ ਪਾਰਕ ਵਿੱਚ ਇੰਡੀਆ ਰੇਡ ਟੀਮ ਨਾਲ ਹੋਵੇਗਾ। ਸੁਰੇਸ਼ ਰੈਨਾ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਇਸੇ ਸਾਲ ਦੀ ਸ਼ੁਰੂਆਤ 'ਚ ਇੰਗਲੈਂਡ ਖਿਲਾਫ਼ ਟੀ 20 ਲੜੀ 'ਚ ਖੇਡਿਆ ਸੀ। ਫ਼ਿਲਹਾਲ ਇੱਕ ਰੋਜ਼ਾ ਟੀਮ 'ਚ ਉਨਾਂ ਦਾ ਆਉਣਾ ਤਾਂ ਮੁਸ਼ਕਲ ਹੈ, ਪਰ ਆਸਟਰੇਲੀਆ ਖਿਲਾਫ਼ ਟੀ 20 ਲੜੀ 'ਚ ਉਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਦੱਸ ਦੀਏ ਕਿ ਉਨਾਂ ਨੂੰ ਭਾਰਤ ਦੇ ਦਿੱਗਜ਼ ਟੀ 20 ਖਿਡਾਰੀਆਂ 'ਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਨਾਂ ਦੇ ਰਿਕਾਰਡ ਇਸ ਗੱਲ ਦਾ ਸਬੂਤ ਹਨ ।

ਹੋਰ ਖਬਰਾਂ »