ਜਲੰਧਰ : 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਭੋਗਪੁਰ ਦੇ ਪਿੰਡ ਬੜਚੁਈ 'ਚ ਕਰੀਬ ਸਵਾ ਸਾਲ ਪਹਿਲਾਂ ਹੋਏ ਡੇਰਾ ਸੰਚਾਲਕ ਦੀ ਹੱਤਿਆ ਸਬੰਧੀ ਗੁੱਥੀ ਜਲੰਧਰ ਪੁਲਿਸ ਨੇ ਸੁਲਝਾ ਲਈ ਹੈ। ਜਾਣਕਾਰੀ ਅਨੁਸਾਰ ਡੇਰਾ ਸੰਚਾਲਕ ਬਾਬਾ ਪ੍ਰੀਤਮ ਸਿੰਘ ਦੀ ਹੱਤਿਆ 3 ਲੱਖ ਰੁਪਏ ਦੀ ਸੁਪਾਰੀ ਲੈ ਕੀਤੀ ਗਈ ਸੀ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 26 ਜੂਨ 2016 ਨੂੰ ਪਿੰਡ ਬੜਚੁਈ 'ਚ ਡੇਰਾ ਬਾਬਾ ਬਾਲਕ ਨਾਥ ਦੇ ਸੰਚਾਲਕ ਪ੍ਰੀਤਮ ਸਿੰਘ ਦੀ ਦਿਨ ਦਿਹਾੜੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਦੋਸ਼ੀ ਫਰਾਰ ਸਨ। ਐਸਐਸਪੀ ਨੇ ਦੱਸਿਆਕਿ ਪੁਲਿਸ ਟੀਮ ਨੇ ਜਾਂਚ ਦੌਰਾਨ ਪੁਖ਼ਤਾ ਸਬੂਤ ਮਿਲਣ 'ਤੇ ਵਾਰਦਾਤ 'ਚ ਸ਼ਾਮਲ ਓਂਕਾਰ ਸਿੰਘ ਉਰਫ਼ ਕਾਰਾ ਪੁੱਤਰ ਹਰਬੰਸ ਸਿੰਘ ਵਾਸੀ ਰਹੀਮਪੁਰ, ਕਰਤਾਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਕੋਲੋਂ ਪੁਲਿਸ ਨੇ ਮੋਟਰਸਾਇਕਲ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਵਾਰਦਾਤ 'ਚ ਸ਼ਾਮਲ 2 ਦੋਸ਼ੀ ਵਿਦੇਸ਼ ਭੱਜ ਗਏ ਦੱਸੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਪੁੱਛਗਿੱਛ 'ਚ ਓਂਕਾਰ ਨੇ ਖੁਲਾਸਾ ਕੀਤਾ ਕਿ ਡੇਰਾ ਸੰਚਾਲਕ ਦੀ ਹੱਤਿਆ ਉਸ ਨੇ ਆਪਣੇ ਸਾਥੀ ਰਾਜਵਿੰਦਰ ਸਿੰਘ ਉਰਫ਼ ਰਾਜਾ ਵਾਸੀ ਰਾਮਗੜ, ਭੁੱਲਥ ਨਾਲ ਮਿਲ ਕੇ ਕੀਤੀ ਸੀ। ਦੋਵਾਂ ਨੂੰ ਬਾਬੇ ਦੀ ਹੱਤਿਆ ਕਰਨ ਲਈ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮੰਗਤ ਰਾਮ ਵਾਸੀ ਕਮਰਾਏ ਭੁੱਥਲਥ ਨੇ 3 ਲੱਖ ਰੁਪਏ ਸੁਪਾਰੀ ਵਜੋਂ ਦਿੱਤੇ ਸਨ। ਦੋਸ਼ੀ ਨੇ ਦੱਸਿਆ ਕਿ ਬਾਬਾ ਮਹਿਲਾਵਾਂ 'ਤੇ ਕਾਲਾ ਜਾਦੂ ਕਰਕੇ ਉਨਾਂ ਨਾਲ ਜਬਰ ਜਿਨਾਹ ਕਰਦਾ ਸੀ। ਦੋਸ਼ੀਆਂ ਨੇ ਦੱਸਿਆ ਕਿ ਬਾਬਾ ਡੇਰੇ ਵਿੱਚ ਬਹੁਤ ਹੀ ਗਲਤ ਕੰਮ ਕਰਦਾ ਸੀ। ਸੂਚਨਾ ਮੁਤਾਬਕ ਬਾਬੇ ਨੇ ਕੇਸ 'ਚ ਨਾਮਜ਼ਦ ਦੋਸ਼ੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵੀ ਅਜਿਹੀ ਕਰਤੂਰ ਕੀਤੀ ਸੀ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਓਂਕਾਰ ਤੇ ਰਾਜਵਿੰਦਰ ਨੇ ਗੋਪੀ ਦੀ ਗੱਲ ਮੰਨ ਲਈ ਅਤੇ ਬਾਬੇ ਦੀ ਹੱਤਿਆ ਦਾ ਸੌਦਾ 3 ਲੱਖ ਰੁਪਏ 'ਚ ਤੈਅ ਹੋਇਆ। ਓਂਕਾਰ ਤੇ ਰਾਜਵਿੰਦਰ 26 ਜੂਨ 2016 ਨੂੰ ਦੁਪਹਿਰ ਦੇ ਸਮੇਂ ਡੇਰੇ 'ਚ ਗਏ ਅਤੇ ਬਾਬੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਐਸਐਸਪੀ ਭੁੱਲਰ ਨੇ ਦੱਸਿਆ ਕਿ ਹੱਤਿਆ ਦੀ ਵਾਰਦਾਤ 'ਚ ਸ਼ਾਮਲ ਰਾਜਵਿੰਦਰ ਰਾਜਾ ਅਤੇ ਗੁਰਪੀਤ ਗੋਪੀ ਦੋਵੇਂ ਵਿਦੇਸ਼ ਭੱਜ ਗਏ ਹਨ। ਪਤਾ ਚੱਲਿਆ ਹੈ ਕਿ ਰਾਜਾ ਇਸੇ ਸਾਲ ਅਪ੍ਰੈਲ ਮਈ 'ਚ ਜਰਮਨ ਗਿਆ ਹੈ ਅਤੇ ਗੁਰਪ੍ਰੀਤ ਗੋਪੀ ਵਾਰਦਾਤ ਦੇ ਕੁਝ ਸਮੇਂ ਬਾਅਦ ਦੁਬਈ ਭੱਜ ਗਿਆ। ਇਸ ਮਗਰੋਂ ਦੋਵੇਂ ਵਾਪਸ ਨਹੀਂ ਆਏ। ਐਸਐਸਪੀ ਨੇ ਦੱਸਿਆ ਕਿ ਦੋਵਾਂ ਦੀ ਐਲਓਸੀ ਜਾਰੀ ਕਰਕੇ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਹੋਰ ਖਬਰਾਂ »