ਬਾਗਪਤ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਉਤਰ ਪ੍ਰਦੇਸ਼ ਦੇ ਬਾਗਪਤ ਵਿਚ ਮਜ਼ਦੂਰਾਂ ਨਾਲ ਭਰੀ ਇੱਕ ਕਿਸ਼ਤੀ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਵਿਚ ਵੀਰਵਾਰ ਨੂੰ ਯਮੁਨਾ ਨਦੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਡੁੱਬਣ ਨਾਲ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਵਿਚ ਮਰਨ ਵਾਲਿਆਂ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਰੀਬ ਇਕ ਦਰਜਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਿਸ਼ਤੀ ਵਿਚ ਕਰੀਬ 60 ਯਾਤਰੀ ਸਵਾਰ ਸੀ। ਪੁਲਿਸ ਅਤੇ ਪ੍ਰਸ਼ਾਸਨਕ ਅਫ਼ਸਰ ਮੌਕੇ 'ਤੇ ਹਨ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਫ਼ਸਰਾਂ ਦੇ ਦੇਰ ਤੋਂ ਪੁੱਜਣ ਕਾਰਨ ਗੁੱਸੇ ਵਿਚ ਸਥਾਨਕ ਵਾਸੀਆਂ ਨੇ ਦਿੱਲੀ ਰਾਜ ਮਾਰਗ ਜਾਮ ਕਰ ਦਿੱਤਾ।  ਮੌਕੇ 'ਤੇ ਮੌਜੂਦ ਜ਼ਿਲ੍ਹਾ ਅਧਿਕਾਰੀ ਭਵਾਨੀ ਸਿੰਘ ਨੇ ਦੱਸਿਆ ਕਿ ਕਿਸ਼ਤੀ ਵਿਚ ਸਮਰਥਾ ਨਾਲੋਂ ਜ਼ਿਆਦਾ ਕਰੀਬ 60 ਯਾਤਰੀ ਸਵਾਰ ਸੀ। ਇਨ੍ਹਾਂ ਵਿਚ ਜ਼ਿਆਦਾਤਰ ਮਹਿਲਾਵਾਂ ਸਨ। ਕਿਸ਼ਤੀ ਜਿਵੇਂ ਹੀ ਨਦੀ ਵਿਚ ਪੁੱਜੀ, ਅਚਾਨਕ ਡੁੱਬ ਗਈ।  ਜ਼ਿਲ੍ਹਾ ਅਧਿਕਾਰੀ ਦੇ ਅਨੁਸਾਰ ਪੁਲਿਸ ਅਤੇ ਪੀਏਸੀ ਦੀ ਬਚਾਅ ਦਲ ਦੀ ਟੀਮਾਂ ਨੇ ਅਜੇ ਤੱਕ 22 ਲਾਸ਼ਾਂ ਕੱਢੀਆਂ ਹਨ। ਜਦ ਕਿ ਕਰੀਬ ਇਕ ਦਰਜਨ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਹੋਰ ਖਬਰਾਂ »