ਹੈਦਰਾਬਾਦ : 20  ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਹੈਦਰਾਬਾਦ ਪੁਲਿਸ ਨੇ ਫਰਜ਼ੀ ਨਿਕਾਹ ਕਰਵਾਉਣ ਵਾਲੇ ਇੱਕ ਗਿਰੋਹ ਦਾ ਭਾਂਡਾ ਭੰਨਿਆ ਹੈ। ਇਹ ਗਿਰੋਹ ਮਿਡਲ ਈਸਟ ਅਤੇ ਖਾੜੀ ਦੇਸ਼ਾਂ ਦੇ ਸ਼ੇਖਾਂ ਨਾਲ ਸਥਾਨਕ ਔਰਤਾਂ ਤੇ ਨਾਬਾਲਗ ਮੁਟਿਆਰਾਂ ਦੇ ਨਿਕਾਹ ਕਰਵਾਉਂਦਾ ਸੀ। ਨਿਕਾਹ ਵੇਲੇ ਵਿਆਹੁਤਾ ਨਾਲ ਤਲਾਕ ਲਈ ਕੋਰੇ ਕਾਗਜ਼ 'ਤੇ ਦਸਤਖ਼ਤ ਵੀ ਕਰਵਾ ਲਏ ਜਾਂਦੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ 20 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨਾਂ 'ਚ 8 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੁਲਿਸ ਸੁਪਰਡੈਂਟ (ਦੱਖਣੀ ਮੰਡਲ) ਵੀ. ਸੱਤਿਆਨਰਾਇਣ ਨੇ ਦੱਸਿਆ ਕਿ ਪੁਲਿਸ ਨੇ ਨਿਕਾਹ ਕਰਵਾਉਣ ਵਾਲੇ ਤਿੰਨ ਕਾਜੀਆਂ, ਚਾਰ ਮਕਾਨ ਮਾਲਕਾਂ ਅਤੇ ਪੰਚ ਦਲਾਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕੰਟਰੈਕਟ ਮੈਰਿਜ ਕਰਵਾਉਣ ਵਾਲੇ ਗਿਰੋਹ ਦਾ ਭਾਂਡਾ ਭੰਨਿਆ ਹੈ। ਇਹ ਗਿਰੋਹ ਅਰਬ, ਓਮਾਨ ਅਤੇ ਕਤਰ ਦੇ 8 ਸ਼ੇਖਾਂ ਦੇ ਸਥਾਨਕ ਮੁਟਿਆਰਾਂ ਨਾਲ ਨਿਕਾਹ ਕਰਵਾਉਣ ਦੀ ਤਾਕ 'ਚ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਯਤਨ ਨੂੰ ਅਸਫ਼ਲ ਕਰ ਦਿੱਤਾ। ਉਨਾਂ ਕਿਹਾ ਕਿ ਦੋ ਨਾਬਾਲਗ ਲੜਕੀਆਂ ਨੂੰ ਛੁਡਾਇਆ ਗਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕੰਟਰੈਕਟ 'ਤੇ ਕੀਤੇ ਗਏ ਨਿਕਾਹ ਦੇ ਜ਼ਰੀਏ ਇਹ ਲੋਕ ਘੱਟੋ ਘੱਟ 20 ਮਹਿਲਾਵਾਂ ਅਤੇ ਨਾਬਾਲਗ ਲੜਕੀਆਂ ਦੀ ਤਸਕਰੀ ਦੀ ਯੋਜਨਾ  ਬਣਾ ਰਹੇ ਸਨ। ਉਨਾਂ ਕਿਹਾ ਕਿ ਗਿਰੋਹ ਦੇ ਸਬੰਧ 'ਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੈਦਰਾਬਾਦ ਪੁਲਿਸ ਨੇ ਸ਼ਹਿਰ ਦੇ ਪੁਰਾਣੇ ਇਲਾਕੇ 'ਚ ਕਈ ਅਜਿਹੇ ਗਿਰੋਹਾਂ ਦਾ ਭਾਂਡਾ ਭੰਨਿਆ ਹੈ ਜਿਹੜਾ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਜਿਹੇ ਨਿਕਾਲ ਕਰਵਾਉਂਦੇ  ਸਨ। ਉਨਾਂ ਕਿਹਾ ਕਿ ਨਿਕਾਹ ਦੇ ਸਮੇਂ ਵਿਆਹੁਤਾ ਨੂੰ ਕੋਰੇ ਕਾਗਜ਼ 'ਤੇ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਸੀ।

ਹੋਰ ਖਬਰਾਂ »