ਓਸਲੋ, 6 ਅਕਤੂਬਰ (ਹਮਦਰਦ ਬਿਊਰੋ) : ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਕੌਮਾਂਤਰੀ ਮੁਹਿੰਮ ਆਈਕੈਨ (ਆਈਸੀਏਐਨ) ਨੂੰ ਇਸ ਸਾਲ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਨਾਰਵੇ ਦੀ ਨੋਬਲ ਕਮੇਟੀ ਦੇ ਮੁਤਾਬਕ ਆਈਕੈਨ ਨੂੰ ਇਹ ਪੁਰਸਕਾਰ ਦੁਨੀਆ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਭਿਆਨਕ ਹਾਲਾਤਾਂ ਬਾਰੇ ਜਾਣੂ ਕਰਵਾਉਣ ਬਦਲੇ ਦਿੱਤਾ ਗਿਆ ਹੈ। ਨੋਬਲ ਸ਼ਾਂਤੀ ਪੁਰਸਕਾਰ ਦੀ ਦੌੜ ਵਿੱਚ ਪੋਪ ਫਰਾਂਸਿਸ, ਸਾਊਦੀ ਦੇ ਬਲਾਗਰ ਰੈਫ ਬਦਾਵੀ, ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਵੀ ਸ਼ਾਮਲ ਸਨ। ਕਮੇਟੀ ਨੇ ਪੁਰਸਕਾਰ ਦੇ ਐਲਾਨ ਸਮੇਂ ਕਿਹਾ ਕਿ ਅਸੀਂ ਇਸ ਰਾਹੀਂ ਸਾਰੇ ਪ੍ਰਮਾਣੂ ਹਥਿਆਰ ਸੰਪੰਨ ਦੇਸ਼ਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਉਹ ਇਸ ਦੀ ਵਰਤੋਂ ਕਰਦੇ ਹਨ ਤਾਂ ਇਹ ਕਿੰਨਾ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ। ਨਾਰਵੇ ਦੀ ਕਮੇਟੀ ਨੇ ਕੁੱਲ 300 ਨਾਮਜ਼ਦਗੀਆਂ ਵਿੱਚੋਂ ਇੰਟਰਨੈਸ਼ਨਲ ਕੈਂਪੇਨ ਟੂ ਅਬਾਲਿਸ਼ ਨਿਊਕਲੀਅਰ ਵੇਪੰਜ਼ (ਆਈਕੈਨ) ਨੂੰ ਇਸ ਸਾਲ ਦੇ ਸ਼ਾਂਤੀ ਪੁਰਸਕਾਰ ਲਈ ਚੁਣਿਆ ਹੈ। ਕਮੇਟੀ ਦੇ ਮੁਤਾਬਕ ਆਈਕੈਨ ਨੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ। ਪੁਰਸਕਾਰ ਦਾ ਐਲਾਨ ਓਸਲੋ ਵਿੱਚ ਕੀਤਾ ਗਿਆ। ਹਾਲਾਂਕਿ ਨਾਰਵੇ ਦੀ ਕਮੇਟੀ ਨੇ ਇਹ ਨਹੀਂ ਦੱਸਿਆ ਕਿ ਇਸ ਪੁਰਸਕਾਰ ਲਈ ਕਿਨ੍ਹਾਂ ਦੇ ਨਾਮਾਂ ’ਤੇ ਵਿਚਾਰ ਕੀਤਾ ਗਿਆ, ਪਰ ਇਹ ਦੱਸਿਆ ਗਿਆ ਕਿ ਪੁਰਸਕਾਰ ਲਈ 215 ਲੋਕਾਂ ਤੇ 103 ਸੰਸਥਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਸੰਸਥਾ ਨੂੰ ਇਹ ਪੁਰਸਕਾਰ ਇਸੇ ਸਾਲ 10 ਦਸੰਬਰ ਨੂੰ  ਦਿੱਤਾ ਜਾਵੇਗਾ। ਪੁਰਸਕਾਰ ਦੇ ਤੌਰ ’ਤੇ ਆਈਕੈਨ ਨੂੰ 11 ਲੱਖ ਡਾਲਰ ਦਿੱਤੇ ਜਾਣਗੇ।  

ਹੋਰ ਖਬਰਾਂ »