ਫਤਹਿਗੜ੍ਹ ਸਾਹਿਬ, 11 ਅਕਤੂਬਰ (ਹ.ਬ.) : ਸੀਨੀਅਰ ਪੱਤਰਕਾਰ ਤੇ ਲੇਖਕ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਗਿਆ ਸ਼੍ਰੋਮਣੀ ਪੱਤਰਕਾਰ ਐਵਾਰਡ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਗਿਆਨੀ ਗੁਰਮੁਖ ਸਿੰਘ  ਯਾਦਗਾਰੀ ਹਾਲ ਫਤਹਿਗੜ੍ਹ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਹ ਪੁਰਸਕਾਰ ਵਾਪਸ ਲੈਣ ਦੀ ਮੰਗ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵਲੋਂ ਕਰਦਿਆਂ ਕਿਹਾ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨਿਆ ਗਿਆ ਸੀ ਪਰ ਕੁਲਦੀਪ ਨਈਅਰ ਨੇ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਪਮਾਨ ਕੀਤਾ ਹੈ।  ਇਸ ਨੂੰ ਪ੍ਰਵਾਨ ਕਰਦਿਆਂ ਕੁਲਦੀਪ ਨਈਅਰ ਤੋਂ ਐਵਾਰਡ ਵਾਪਸ ਲੈਣ ਦਾ ਫ਼ੈਸਲਾ ਲਿਆ।
ਮੀਟਿੰਗ ਵਿਚ ਹੋਰ ਫ਼ੈਸਲਾ ਜਿਵੇਂ ਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਰਾਏ ਬੁਲਾਰ ਜੀ ਦੇ ਨਾਂ 'ਤੇ ਇਕ ਲਾਇਬ੍ਰੇਰੀ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। 1971 ਦੀ ਜੰਗ ਦੇ ਨਾਇਕ ਜਨਰਲ ਜਗਜੀਤ ਸਿੰਘ ਅਰੋੜਾ ਤੇ ਮਾਲਵੇ ਦਾ ਇਤਿਹਾਸ ਲਿਖਣ ਵਾਲੇ ਬਾਬਾ ਵਿਸਾਖਾ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਾਈਆਂ ਜਾਣਗੀਆਂ।  ਅੰਤ੍ਰਿੰਗ ਕਮੇਟੀ ਵਲੋਂ ਸਿੱਖ ਕੌਮ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਬਾਬਾ ਬੀਰ ਸਿੰਘ ਨੋਰੰਗਾਬਾਦੀ ਤੇ ਬਾਬਾ ਮਹਾਰਾਜ ਸਿੰਘ ਦੀ ਯਾਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮਨਾਈ ਜਾਵੇਗੀ।
 

ਹੋਰ ਖਬਰਾਂ »