ਲਾਹੌਰ, 12 ਅਕਤੂਬਰ (ਹ.ਬ.) : ਅੱਤਵਾਦੀ ਜੱਥੇਬੰਦੀ ਲਸ਼ਕਰ ਏ ਤਾਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਨਵੀਂ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ (ਐਮਐਮਐਲ) ਨੂੰ ਪਾਕਿਸਤਾਨ ਚੋਣ ਕਮਿਸ਼ਨ ਨੇ ਚੋਣ ਲੜਨ ਤੋਂ ਰੋਕ ਦਿੱਤਾ ਹੈ।
ਪਾਕਿਸਤਾਨ ਚੋਣ ਕਮਿਸ਼ਨ ਨੇ ਐਮਐਮਐਲ 'ਤੇ ਪਾਬੰਦੀ  ਕੱਟੜਪੰਥੀ ਜੱਥੇਬੰਦੀਆਂ ਨਾਲ ਸਬੰਧਾਂ ਦੇ ਆਧਾਰ 'ਤੇ ਲਗਾਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਐਮਐਮਐਲ ਦਾ ਸਬੰਧ ਲਸ਼ਕਰ ਏ ਤਾਇਬਾ ਨਾਲ ਹੈ। ਹਾਫਿਜ਼ ਸਈਦ ਨੂੰ ਅਮਰੀਕਾ ਨੇ ਅੱਤਵਾਦੀ ਐਲਾਨ ਕੀਤਾ ਹੋਇਆ ਹੈ। ਐਮਐਮਐਲ ਮੁਖੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਸੰਘਰਸ਼ ਕਰੇਗੀ। ਪਿਛਲੇ ਮਹੀਨੇ ਲਾਹੌਰ ਸਿਟੀ ਦੀ ਉਪ ਚੋਣ ਵਿਚ ਐਮਐਮਐਲ ਦਾ ਇੱਕ ਉਮੀਦਵਾਰ ਖੜ੍ਹਾ ਹੋਇਆ ਸੀ।
ਐਮਐਮਐਲ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਕੋਲ ਇਕ ਨਵੀਂ ਪਾਰਟੀ ਦੇ ਰੂਪ ਵਿਚ ਰਜਿਸਟਰੇਸ਼ਨ ਦੇ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਕਮਿਸ਼ਨ ਨੇ ਖਾਰਜ ਕਰ ਦਿੱਤਾ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਜੇਕਰ ਐਮਐਮਐਲ ਨੂੰ ਇਕ ਸਿਆਸੀ ਪਾਰਟੀ ਦੇ ਰੂਪ ਵਿਚ ਰਜਿਸਟਰੇਸ਼ਨ ਮਿਲਦਾ ਹੈ ਤਾਂ ਇਸ ਨਾਲ ਪਾਕਿਸਤਾਨ ਦੀ ਸਿਆਸਤ ਵਿਚ ਕੱਟੜਵਾਦ ਅਤੇ ਹਿੰਸਾ ਨੂੰ ਬੜਾਵਾ ਮਿਲੇਗਾ।
ਹਾਫਿਜ਼ ਸਈਦ ਇਸ ਸਮੇਂ ਪਾਕਿਸਤਾਨ ਵਿਚ ਅਪਣੇ ਕੁਝ ਸਾਥੀਆਂ ਸਮੇਤ ਨਜ਼ਰਬੰਦ ਹੈ। ਉਨ੍ਹਾਂ ਅੱਤਵਾਦੀ ਜੱਥੇਬੰਦੀ ਲਸ਼ਕਰ ਏ ਤਾਇਬਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਨਵੰਬਰ 2008 ਵਿਚ ਮੁੰਬਈ ਹਮਲਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੇ ਜਮਾਤ ਉਦ ਦਾਵਾ 'ਤੇ ਬੈਨ ਲਗਾ ਦਿੱਤਾ ਸੀ।

ਹੋਰ ਖਬਰਾਂ »