ਟਰੰਪ ਤੇ ਪੈਂਟਾਗਨ ਨੇ ਰਿਪੋਰਟ ਨੂੰ ਖਾਰਜ ਕੀਤਾ
ਵਾਸ਼ਿੰਗਟਨ, 12 ਅਕਤੂਬਰ (ਹ.ਬ.) : ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਸਥਾਨਕ ਮੀਡੀਆ ਦਾ ਟਕਰਾਅ ਇਕ ਵਾਰ ਮੁੜ ਸਾਹਮਣੇ ਆਇਆ ਹੈ। ਅਮਰੀਕੀ ਖ਼ਬਰ ਏਜੰਸੀ ਨੇ  ਦਾਅਵਾ ਕੀਤਾ ਕਿ ਟਰੰਪ ਨੇ ਅਪਣੇ ਜਨਰਲਾਂ ਨੂੰ ਕਿਹਾ ਹੈ ਕਿ ਉਨ੍ਹਾਂ ਅਮਰੀਕੀ ਪਰਮਾਣੂ ਹਥਿਆਰਾਂ ਵਿਚ ਦਸ ਗੁਣਾ ਵਾਧਾ ਚਾਹੀਦਾ। ਟਰੰਪ ਅਤੇ ਪੈਂਟਾਗਨ ਦੋਵਾਂ ਨੇ ਹੀ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਮਿਲਟਰੀ ਦੇ ਆਧੁਨਿਕੀਕਰਣ ਦੀ ਗੱਲ ਕਰ ਰਹੇ ਸੀ।
ਐਨਬੀਸੀ ਨੇ ਅਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਜੁਲਾਈ ਵਿਚ ਟਰੰਪ ਨੇ ਅਪਣੇ ਕੌਮੀ ਸੁਰੱਖਿਆ ਸਲਾਹਕਾਰਾਂ ਨੂੰ ਪਰਮਾਣੂ ਹਥਿਆਰ ਵਧਾਉਣ ਲਈ ਕਿਹਾ ਸੀ। ਰਿਪੋਰਟ ਦੇ ਮੁਤਾਬਕ ਟਰੰਪ ਨੇ ਵਰਤਮਾਨ ਗਿਣਤੀ ਤੋਂ ਦਸ ਗੁਣਾ ਜ਼ਿਆਦਾ ਪਰਮਾਣੂ ਹਥਿਆਰ ਵਧਾਉਣ ਦੀ ਗੱਲ ਕਹੀ ਸੀ। ਅਮਰੀਕਾ ਦੇ ਕੋਲ ਫਿਲਹਾਲ 4 ਹਜ਼ਾਰ ਪਰਮਾਣੂ ਹਥਿਆਰ ਹਨ। 1960 ਵਿਚ ਅਮਰੀਕਾ ਦੇ ਕੋਲ 32000 ਪਰਮਾਣੂ ਹਥਿਆਰ ਸੀ।  ਰਿਪੋਰਟ ਮੁਤਾਬਕ ਟਰੰਪ ਦਾ ਆਦੇਸ਼ ਅਮਰੀਕਾ ਦੀ ਸਮਰਥਾ ਨੂੰ 1960  ਦੀ ਹੀ ਸਥਿਤੀ ਤੱਕ ਪਹੁੰਚਾਉਣ ਦਾ ਸੀ। ਬੁਧਵਾਰ ਨੂੰ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਹੋ ਗਿਆ। ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਇਸ ਰਿਪੋਰਟ ਨੂੰ ਝੂਠਾ ਦੱਸਿਆ। ਟਰੰਪ ਨੇ ਕਿਹਾ ਕਿ ਮੈਂ ਕਦੇ ਵੀ ਪਰਮਾਣੂ ਹਥਿਆਰ ਵਧਾਉਣ ਲਈ ਨਹੀਂ ਕਿਹਾ, ਐਨਬੀਸੀ ਦੀ ਖ਼ਬਰ ਝੂਠੀ ਹੈ। ਉਨ੍ਹਾਂ ਕਿਹਾ ਕਿ ਮੈਂ ਆਧੁਨਿਕੀਕਰਨ ਦੀ ਗੱਲ ਕਹੀ ਸੀ। ਬਾਅਦ ਵਿਚ ਅਮਰੀਕਾ ਦੇ ਡਿਫੈਂਸ ਸੈਕਟਰੀ ਜਿਮ ਮੈਟਿਸ ਨੇ ਵੀ ਇਸ ਰਿਪੋਰਟ ਨੂੰ ਖਾਰਜ ਕੀਤਾ।

ਹੋਰ ਖਬਰਾਂ »