ਸ਼ਾਂਤਾ ਰੋਜਾ, 12 ਅਕਤੂਬਰ (ਹ.ਬ.) : ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਹੈ। ਤੇਜ਼ ਹਵਾਵਾਂ ਦੇ ਚਲਦੇ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਹੈ ਕਿ ਡਿਜਨੀਲੈਂਡ ਦੇ ਕੈਲੀਫੋਰਨੀਆ ਅਡਵੈਂਚਰ ਪਾਰਕ ਦੇ ਉਪਰ ਦਾ ਆਸਮਾਨ ਸੰਤਰੀ ਰੰਗ ਦਾ ਹੋ ਗਿਆ ਹੈ।  ਅੱਗ ਨਾਲ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ 2 ਹਜ਼ਾਰ ਤੋਂ ਜ਼ਿਆਦਾ ਮਕਾਨ ਖਾਕ ਹੋ ਚੁੱਕੇ ਹਨ। ਕਰੀਬ 20 ਹਜ਼ਾਰ ਲੋਕਾਂ ਨੂੰ ਅਪਣਾ ਘਰ ਛੱਡਣਾ ਪਿਆ ਹੈ। ਕਈ ਲੋਕ ਲਾਪਤਾ ਹਨ। ਮ੍ਰਿਤਕਾਂ ਵਿਚ 99 ਅਤੇ 100 ਸਾਲ ਦਾ ਇਕ ਜੋੜਾ ਵੀ ਸ਼ਾਮਲ ਹੈ। 100 ਤੋਂ ਜ਼ਿਆਦਾ ਲੋਕ ਜ਼ਖਮੀ ਹਨ। 
ਸੂਬੇ ਵਿਚ ਅੱਗ ਲੱਗਣ ਦੀ ਬੀਤੇ ਇਕ ਦਹਾਕੇ ਦੀ ਸਭ ਤੋਂ ਭਿਆਨਕ ਘਟਨਾ ਦੱਸੀ ਜਾ ਰਹੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਫਾਰੈਸਟਰੀ ਐਂਡ ਪ੍ਰੋਟੈਕਸ਼ਨ ਦੇ ਮੁਤਾਬਕ ਇਸ ਸਾਲ ਜੰਗਲਾਂ ਵਿਚ ਅੱਗ ਦੇ 7484 ਮਾਮਲੇ ਸਾਹਮਣੇ ਆਏ, ਜਿਸ ਵਿਚ 7.71 ਏਕੜ ਇਲਾਕਾ ਸੜ ਗਿਆ। ਪੰਜ ਕਾਊਂਟੀ ਵਿਚ ਐਮਰਜੈਂਸੀ ਦਾ ਐਲਾਨ ਕੈਲੀਫੋਰਨੀਆ ਦੇ ਗਵਰਨਰ ਬਰਾਊਨ ਨੇ ਵਾਈਨ, ਨੇਪਾ, ਸੋਨੋਮਾ, ਯੂਬਾ ਅਤੇ ਆਰੇਂਜ ਕਾਊਂਟੀ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ।  ਉਨ੍ਹਾਂ ਨੇ ਟਰੰਪ ਕੋਲੋਂ ਰਾਹਤ ਅਤੇ ਬਚਾਅ ਕਾਰਜ ਵਿਚ ਮਦਦ ਦੀ ਅਪੀਲ ਕੀਤੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਸਾਂਤਾ ਰੋਜਾ ਵਿਚ ਹੋਇਆ ਹੈ। ਭਿਆਨਕ ਅੱਗ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਲਪਟਾਂ ਨੂੰ ਪੁਲਾੜ ਤੋਂ ਵੀ ਦੇਖਿਆ ਗਿਆ ਹੈ।  ਖ਼ਬਰਾਂ ਹੈ ਕਿ ਅੰਗੂਰ ਦੇ ਬਾਗਾਂ ਵਿਚ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ  ਸਾਨ ਫਰਾਂਸਿਸਕੋ ਤੱਕ ਅੱਗ ਫੈਲਣ ਦੀ ਚਿਤਾਵਨੀ ਦਿੱਤੀ ਹੈ। ਅੱਗ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਹਵਾ ਦੀ ਰਫਤਾਰ ਘੱਟ ਨਹੀਂ ਹੁੰਦੀ ਉਦੋਂ ਤੱਕ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੈ।

ਹੋਰ ਖਬਰਾਂ »