ਹੇਨੋਈ, 12 ਅਕਤੂਬਰ (ਹ.ਬ.) : ਵਿਅਤਨਾਮ ਦੇ ਨਾਰਥ ਅਤੇ ਸੈਂਟਰਲ ਪ੍ਰੋਵਿੰਸ 'ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿਛਲੇ ਤਿੰਨ ਦਿਨਾਂ ਵਿਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਤੋਂ ਜ਼ਿਆਦਾ ਲਾਪਤਾ ਹਨ। ਖ਼ਬਰ ਏਜੰਸੀ ਮੁਤਾਬਕ ਹੜ੍ਹ ਕਾਰਨ ਹਾ ਤਿੰਹ ਅਤੇ ਨਾਹੇ ਅਨ ਪ੍ਰੋਵਿੰਸ ਜ਼ਿਆਦਾ ਪ੍ਰਭਾਵਤ ਹੋਏ ਹਨ। ਰਿਪੋਰਟਾਂ ਮੁਤਾਬਕ ਤੇਜ਼ ਮੀਂਹ ਦੇ ਕਾਰਨ ਕਈ ਡੈਮਾਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਅਤੇ ਡੈਮਾਂ ਤੋਂ ਪਾਣੀ ਛੱਡਣਾ ਜ਼ਰੂਰੀ ਹੋ ਗਿਆ ਜਿਸ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 200 ਤੋਂ ਜ਼ਿਆਦਾ ਮਕਾਨ ਢਹਿ ਗਏ ਹਨ ਅਤੇ ਕਰੀਬ 15 ਹਜ਼ਾਰ ਮਕਾਨ ਡੁੱਬ ਗਏ ਹਨ। ਬਚਾਅ ਟੀਮਾਂ ਹੁਣ ਤੱਕ 17 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਚੁੱਕੀਆਂ ਹਨ। ਹੁਣ ਵੀ ਕਰੀਬ ਦੋ ਲੱਖ ਲੋਕ ਹੜ੍ਹ ਵਾਲੇ ਇਲਾਕਿਆਂ ਵਿਚ ਫਸੇ ਹੋਏ ਹਨ। ਖੇਤੀਬਾੜੀ ਮੰਤਰੀ ਕਾਂਗ ਨੇ ਦੱਸਿਆ ਕਿ ਪਾਣੀ ਜਮ੍ਹਾ ਹੋਣ ਦੇ ਕਾਰਨ ਅੱਠ ਹਜ਼ਾਰ ਹੈਕਟੇਅਰ ਵਿਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਅਤੇ 40 ਹਜ਼ਾਰ ਮਵੇਸ਼ੀ ਜਾਂ ਤਾਂ ਮਾਰੇ ਗਏ ਜਾਂ ਰੁੜ੍ਹ ਗਏ ਹਨ।
ਦੱਸ ਦੇਈਏ ਕਿ ਵਿਅਤਨਾਮ ਦੀ ਲੰਬੀ ਸਰਹੱਦ ਸਮੁੰਦਰ ਨਾਲ ਲੱਗੀ ਹੋਈ ਹੈ ਜਿਸ ਦੇ ਚਲਦਿਆਂ ਵਿਅਤਨਾਮ ਨੂੰ ਹਮੇਸ਼ਾ ਤੂਫ਼ਾਨ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੁਦਰਤੀ ਮਾਰ ਕਾਰਨ ਹਰ ਸਾਲ ਇੱਥੇ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸੇ ਤਰ੍ਹਾਂ  ਪਿਛਲੇ ਮਹੀਨੇ ਤੂਫਾਨ ਡੋਕਸੁਰੀ ਵਿਅਤਨਾਮ ਦੇ ਮੱਧ ਖੇਤਰ ਨਾਲ ਟਕਰਾਇਆ ਸੀ ਜਿਸ ਦੇ ਹਿਊ ਸਿਟੀ ਦੇ ਕਰੀਬ 300 ਮਕਾਨਾਂ ਦੀ ਛੱਤਾਂ ਉਡ ਗਈਆਂ ਸੀ ਅਤੇ 14 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ »