ਸੀਬੀਆਈ ਦਾ ਫੈਸਲਾ ਬਦਲਿਆ

ਇਲਾਹਾਬਾਦ, 12 ਅਕਤੂਬਰ (ਹਮਦਰਦ ਬਿਊਰੋ) : ਉੱਤਰ ਪ੍ਰਦੇਸ਼ ਵਿੱਚ ਨੋਇਡਾ ਦੇ ਬਹੁਚਰਚਿਤ ਆਰੁਸ਼ੀ-ਹੇਮਰਾਜ ਕਤਲਕਾਂਡ ਮਾਮਲੇ ਵਿੱਚ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਹਾਈ ਕੋਰਟ ਨੇ ਸਬੂਤਾਂ ਦੀ ਘਾਟ ਵਿੱਚ ਤਲਵਾਰ ਜੋੜੇ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਜੱਜ ਬੀ.ਕੇ. ਨਾਰਾਇਣ ਅਤੇ ਜੱਜ ਅਰਵਿੰਦ ਕੁਮਾਰ ਮਿਸ਼ਰ ਦੀ ਬੈਂਚ ਨੇ ਰਾਜੇਸ਼ ਤਲਵਾਰ ਅਤੇ ਉਸ ਦੀ ਪਤਨੀ ਨੁਪੁਰ ਤਲਵਾਰ ਦੀ ਪਟੀਸ਼ਨ ਵਿੱਚ ਜਾਂਚ ਏਜੰਸੀ ਦੀ ਜਾਂਚ ਵਿੱਚ ਖਾਮੀਆਂ ਮਿਲਣ ਦੇ ਆਧਾਰ ’ਤੇ ਤਲਵਾਰ ਜੋੜੇ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਜੋੜੇ ਡਾ. ਰਾਜੇਸ਼ ਤਲਵਾਰ ਅਤੇ ਨੁਪੁਰ ਤਲਵਾਰ ਨੇ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਦੇ ਵਿਰੁੱਧ ਇਲਾਹਾਬਾਦ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਸੀ। ਦੱਸ ਦੇਈਏ ਕਿ ਡਾ. ਤਲਵਾਰ ਦੀ ਧੀ ਆਰੁਸ਼ੀ ਦਾ ਕਤਲ 15 ਤੇ 16 ਮਈ 2008 ਦੀ ਦਰਿਆਨੀ ਰਾਤ ਨੋਇਡਾ ਦੇ ਸੈਕਟਰ 25 ਸਥਿਤ ਘਰ ਵਿੱਚ ਹੀ ਕਰ ਦਿੱਤਾ ਗਿਆ ਸੀ।  ਸ਼ੁਰੂ ਵਿੱਚ ਆਰੁਸ਼ੀ ਦੇ ਕਤਲ ਦੇ ਸ਼ੱਕ ਦੀ ਸੂਈ ਉਨ੍ਹਾਂ ਦੇ ਨੌਕਰ ’ਤੇ ਘੁੰਮੀ ਸੀ, ਪਰ ਕੁਝ ਦਿਨ ਬਾਅਦ ਘਰ ਦੀ ਛੱਤ ’ਤੇ ਉਨ੍ਹਾਂ ਦੇ ਘਰੇਲੂ ਨੌਕਰ ਹੇਮਰਾਜ ਦੀ ਲਾਸ਼ ਵੀ ਮਿਲੀ ਸੀ। ਇਸ ਕਤਲਕਾਂਡ ਵਿੱਚ ਨੋਇਡਾ ਪੁਲਿਸ ਨੇ 23 ਮਈ ਨੂੰ ਡਾ. ਰਾਜੇਸ਼ ਤਲਵਾਰ ਤੇ ਉਸ ਦੀ ਪਤਨੀ ਨੁਪੁਰ ਤਲਵਾਰ ਨੂੰ ਉਨ੍ਹਾਂ ਦੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ 1 ਜੂਨ ਨੂੰ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਸੀਬੀਆਈ ਦੀ ਜਾਂਚ ਦੇ ਆਧਾਰ ’ਤੇ ਗਾਜੀਆਬਾਦ ਦੀ ਸੀਬੀਆਈ ਅਦਾਲਤ ਨੇ 26 ਨਵੰਬਰ, 2013 ਨੂੰ ਕਤਲ ਅਤੇ ਸਬੂਤ ਮਿਟਾਉਣ ਦਾ ਦੋਸ਼ੀ ਮੰਨਦੇ ਹੋਏ ਤਲਵਾਰ ਜੋੜੇ ਨੂੰ ਉਮਰਕੈਦ ਦੀ ਸਜਾ ਸੁਣਾਈ ਸੀ। ਉਦੋਂ ਤੋਂ ਲੈ ਕੇ ਤਲਵਾਰ ਜੋੜਾ ਜੇਲ੍ਹ ਵਿੱਚ ਬੰਦ ਹੈ।

ਹੋਰ ਖਬਰਾਂ »