ਹੁਸ਼ਿਆਪੁਰ, 12 ਅਕਤੂਬਰ (ਹਮਦਰਦ ਬਿਊਰੋ) : ਕੈਨੇਡਾ ਦੀ ਲਿਬਰਲ ਪਾਰਟੀ ਦੇ ਐਮਪੀ ਜਤਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਆਉਣ ਵਾਲੇ ਪੰਜਾਬੀਆਂ ਦਾ ਤਹਿ ਦਿਲੋਂ ਸਵਾਗਤ ਹੈ। ਭਾਰਤੀ ਮੂਲ ਦੇ ਸਿੱਧੂ ਗਜਰਾਓਂ ਦੇ ਪਿੰਡ ਮੱਲਾਂ ਦੇ ਵਾਸੀ ਹਨ। ਉਹ ਹੁਸ਼ਿਆਰਪੁਰ ਆਏ ਹੋਏ ਸਨ। ਮਾਡਲ ਟਾਊਨ ਸਥਿਤ ਗੁਰਦੁਆਰਾ ਕਲਗੀਧਰ ਵਿੱਚ ਪਹੁੰਚਣ ’ਤੇ ਸ੍ਰੀ ਸਿੱਧੂ ਨੂੰ ਪ੍ਰਬੰਧਕਾਂ ਨੇ ਸਿਰੋਪਾ ਭੇਂਟ ਕੀਤਾ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ 1974 ਵਿੱਚ ਆਪਣੇ ਵਿਆਹ ਮਗਰੋਂ ਉਹ ਪੱਕੇ ਤੌਰ ’ਤੇ ਕੈਨੇਡਾ ਚਲੇ ਗਏ ਸਨ। ਕੁਝ ਸਮਾਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦਾ ਵੀ ਵੀਜਾ ਕੈਨੇਡਾ ਦਾ ਲੱਗ ਜਾਣ ਬਾਅਦ ਸਾਰਾ ਪਰਿਵਾਰ ਉੱਥੇ ਹੀ ਚਲਾ ਗਿਆ। ਸੜਕ ਹਾਦਸੇ ਵਿੱਚ ਭਰਾ ਦੀ ਮੌਤ ਹੋਣ ਬਾਅਦ ਉਹ ਇਕੱਲੇ ਜਿਹੇ ਹੋ ਗਏ ਸਨ। 1993 ਵਿੱਚ ਪਹਿਲੀ ਵਾਰ ਕੈਨੇਡਾ ਦੀ ਸਿਆਸਤ ਵਿੱਚ ਕਦਮ ਰੱਖਿਆ। ਉਹ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦਾ ਛੋਟਾ-ਮੋਟਾ ਕੰਮ ਕਰਵਾ ਦਿੰਦੇ ਸਨ। ਦੇਖਦੇ ਹੀ ਦੇਖਦੇ ਉਸ ਮੁਕਾਮ ’ਤੇ ਪਹੁੰਚ ਗਏ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀ ਹੀ ਨਹੀਂ, ਸਗੋਂ ਕੈਨੇਡਾ ਦੇ ਲੋਕ ਵੀ ਚੋਣਾਂ ਲੜਨ ਲਈ ਜੋਰ ਪਾਉਣ ਲੱਗੇ। ਇਸੇ ਦੀ ਬਦੌਲਤ ਅੱਜ ਉਹ ਕੈਨੇਡਾ ਵਿੱਚ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਇਹ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬੀ ਅੱਜ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਟੱਡੀ ਵੀਜਾ ਲੈ ਕੇ ਕੈਨੇਡਾ ਪੜ੍ਹਾਈ ਲਈ ਆਉਣ ਅਤੇ ਉਥੇ ਸਖ਼ਤ ਮਿਹਨਤ ਕਰਕੇ ਪੀਆਰ ਪ੍ਰਾਪਤ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪੰਜਾਬੀ ਨੂੰ ਜੇਕਰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ। ਇਸ ਮੌਕੇ ’ਤੇ ਉਨ੍ਹਾਂ ਨਾਲ ਸਾਬਕਾ ਰਾਜਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਤੇ ਕੌਂਸਲਰ ਅਵਤਾਰ ਕਪੂਰ ਵੀ ਮੌਜੂਦ ਸਨ।

ਹੋਰ ਖਬਰਾਂ »